“ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ, ਮੈਂ ਹਰ ਕੀਮਤ ਚੁਕਾਉਣ ਲਈ ਤਿਆਰ ਹਾਂ” ਇਹ ਕਹਿਣਾ ਹੈ ਕਾਂਗਰਸ ਦੇ ਵੱਡੇ ਲੀਡਰ ਰਾਹੁਲ ਗਾਂਧੀ ਦਾ। ਜਿੰਨਾਂ ਨੇ ਲੋਕ ਸਭਾ ਮੈਂਬਰਸ਼ਿਪ ਅਯੋਗ ਠਹਿਰਾਉਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।
ਦਸ ਦਈਏ ਕਿ ਕੇਰਲ ਦੇ ਵਾਇਨਾਡ ਤੋਂ ਸੰਸਦੀ ਸੀਟ ਦੀ ਨੁਮਾਇੰਦਗੀ ਕਰ ਰਹੇ ਰਾਹੁਲ ਗਾਂਧੀ ਖਿਲਾਫ਼ 2019 ‘ਚ ‘ਮੋਦੀ ਸਰਨੇਮ’ ਟਿਪਣੀ ਨੂੰ ਲੈਕੇ ਮਾਣਹਾਨੀ ਦਾ ਕੇਸ ਦਰਜ ਹੋਇਆ ਸੀ। ਇਸ ਦੌਰਾਨ ਸੂਰਤ ਦੀ ਅਦਾਲਤ ਵੱਲੋਂ 23 ਮਾਰਚ ਨੂੰ ਮਾਣਹਾਨੀ ਦੇ ਇਕ ਕੇਸ ਵਿਚ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਨਾਲ ਹੀ 30 ਦਿਨਾਂ ਦੀ ਜ਼ਮਾਨਤ ਵੀ ਦੇ ਦਿੱਤੀ ਤਾਂ ਜੋ ਉਹ ਅਦਾਲਤ ਦੇ ਫੈਸਲੇ ਨੂੰ ਉਪਰਲੀ ਅਦਾਲਤ ਵਿਚ ਚੁਣੌਤੀ ਦੇ ਸਕਣ। ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਬੀਤੇ ਕੱਲ੍ਹ ਯਾਨੀ 24 ਮਾਰਚ ਨੂੰ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਵੀ ਆਯੋਗ ਕਰਾਰ ਦਿੱਤੀ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ (ਰਾਹੁਲ ਗਾਂਧੀ) ਸੰਵਿਧਾਨ ਦੀ ਧਾਰਾ 102(1) ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 8 ਤਹਿਤ ਅਯੋਗ ਕਰਾਰ ਦਿੱਤਾ ਗਿਆ ਹੈ।