ਅੰਮ੍ਰਿਤਸਰ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਹੈ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ ਅਚਾਨਕ ਸਿਹਤ ਵਿਗੜਣ ਕਾਰਨ ਐਤਵਾਰ ਦੇਰ ਰਾਤ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਅੱਖਾਂ ਸਾਹਮਣੇ ਹਨੇਰੇ ਦੀ ਸ਼ਿਕਾਇਤ ਸੀ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿੱਚ ਮੈਡੀਕਲ ਜਾਂਚ ਜਾਰੀ ਹੈ।
ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ ‘ਚ ਬੰਦ ਹੋ ਗਿਆ ਹੈ ।ਦੱਸ ਦੇਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਮੁਖੀ ਬਣਿਆ ਕਰੀਬ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇੰਨੀ ਦਿਨੀਂ ਉਹ ਕਾਫ਼ੀ ਚਰਚਾ ‘ਚ ਚੱਲ ਰਹੇ ਹਨ ਕਿਉਂਕਿ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਏਜੰਸੀਆਂ ਨਾਲ ਸੰਬੰਧ ਰੱਖਦੇ ਹਨ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਮੇਰਾ ਕੋਈ ਪਿਛੋਕੜ ਇਤਿਹਾਸ ਨਹੀਂ ਹੈ ਅਤੇ ਮੈਂ ਆਮ ਘਰ ਨਾਲ ਸੰਬੰਧ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਪੰਥ ਅਤੇ ਸ਼ਹੀਦਾਂ ਨਾਲ ਮੇਰਾ ਸ਼ੁਰੂ ਤੋਂ ਪ੍ਰੇਮ ਰਿਹਾ ਹੈ। ਪੰਥਕ ਰਾਹ ਤੋਂ ਭਟਕੇ ਵੀ ਰਹੇ ਹਾਂ ਪਰ ਪਰਮਾਤਮਾ ਨੇ ਕਿਰਪਾ ਕਰ ਕੇ ਮੁੜ ਤੋਂ ਪੰਥ ਦੇ ਰਾਹ ‘ਤੇ ਤੋਰਿਆ ਹੈ।