ਲੁਧਿਆਣਾ: ਪੰਜਾਬ ’ਚ ਵੱਧ ਰਹੀਆਂ ਲੁੱਟਾਂ-ਖੋਹਾਂ ਕਾਰਨ ਹਰ ਥਾਂ ’ਤੇ ਸੂਬੇ ਦਾ ਅਕਸ ਖ਼ਰਾਬ ਹੋ ਰਿਹਾ ਹੈ। ਹੁਣ ਬੇਖੌਫ਼ ਲੁਟੇਰੇ ਵਿਦੇਸ਼ਾਂ ਤੋਂ ਘੁੰਮਣ ਆਏ ਨਾਗਰਿਕਾਂ ਨੂੰ ਵੀ ਨਹੀਂ ਬਖ਼ਸ਼ ਰਹੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਵਰਲਡ ਸਾਈਕਲ ਟੂਰ ‘ਤੇ ਨਿਕਲੇ ਨਾਰਵੇ ਦੇ ਗੋਰੇ ਮੁੰਡੇ ਐਸਪਿਨ ਲਿਲੀਨਜੇਨ ਦਾ ਲੁਧਿਆਣਾ ‘ਚ ਆਈਫੋਨ-10 ਖੋਹ ਲਿਆ ਗਿਆ ਸੀ। ਹੁਣ ਪੁਲਸ ਨੇ ਕਮਾਲ ਕਰਦੇ ਹੋਏ ਗੋਰੇ ਮੁੰਡੇ ਨੂੰ ਉਸ ਦਾ ਆਈਫੋਨ ਲੱਭ ਕੇ ਵਾਪਸ ਕਰ ਦਿੱਤਾ ਹੈ, ਜਿਸ ਤੋਂ ਬਾਅਦ ਐਸਪਿਨ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਗੋਰਾ ਮੁੰਡਾ ਪੰਜਾਬ ਪੁਲਸ ਦੇ ਕੰਮ ਤੋਂ ਬੇਹੱਦ ਖ਼ੁਸ਼ ਹੋਇਆ ਹੈ। ਪੁਲਸ ਨੇ ਇਸ ਮਾਮਲੇ ‘ਚ 2 ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪੁਲੀਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਪੁਲੀਸ ਟੀਮ ਨੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਕਿਸੇ ਵਿਦੇਸ਼ੀ ਦੀ ਮਦਦ ਕਰਨ ਵਾਲੇ ਕੁਝ ਲੋਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰੇਗੀ। ਦੱਸ ਦੇਈਏ ਕਿ ਐਸਪਿਨ ਨੇ ਆਪਣਾ ਸਫਰ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 23 ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਨਾਰਵੇ ਦਾ ਲੜਕਾ ਐਸਪਿਨ ਆਪਣੀ ਸਾਈਕਲ ਨਾਲ ਦੁਨੀਆ ਦੀ ਸੈਰ ਕਰਨ ਲਈ ਨਿਕਲਿਆ ਹੈ। ਜਿਸ ਦਾ ਮੋਬਾਈਲ ਫੋਨ 14 ਦਸੰਬਰ ਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ਤੋਂ ਚੋਰੀ ਹੋ ਗਿਆ ਸੀ। ਫਿਲਹਾਲ ਉਨ੍ਹਾਂ ਨੇ ਮੋਬਾਇਲ ਵਾਪਸ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੁਲਿਸ ਦਾ ਧੰਨਵਾਦ ਕੀਤਾ।