ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਦੀ ਅਗਵਾਈ ਹੇਠ ਕਈ ਸਾਬਕਾ ਮੰਤਰੀਆਂ ‘ਤੇ ਕਾਰਵਾਈ ਹੋ ਚੱਕੀ ਹੈ ਅਤੇ ਹੁਣ ਇਸ ਵਾਰ ਵਿਜੀਲੈਂਸ ਦੀ ਰਡਾਰ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਚੰਨੀ ਆ ਚੁੱਕੇ ਹਨ ਹਨ। ਸਾਬਕਾ ਸੀਐਮ ਚੰਨੀ ਖ਼ਿਲਾਫ਼ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੂਰਿਜ਼ਮ ਮਹਿਕਮੇ ਦੇ ਅਫ਼ਸਰ ਵੀ ਵਿਜੀਲੈਂਸ ਦੇ ਰਡਾਰ ‘ਤੇ ਹਨ। ਦੱਸ ਦਈਏ ਕਿ ਇਹ ਮਾਮਲਾ ਉਦਘਾਟਨੀ ਸਮਾਗਮ ‘ਚ ਲੱਖਾਂ ਦੇ ਘਪਲੇ ਦਾ ਹੈ। ਇਲਜ਼ਾਮ ਹਨ ਕਿ ਸਾਲ 2021 ਦੇ ਸਮਾਗਮ ‘ਚ ਲੱਖਾਂ ਰੁਪਏ ਦਾ ਘਪਲਾ ਹੋਇਆ ਸੀ। ਇਹ ਸਮਾਗਮ ਚਮਕੌਰ ਸਾਹਿਬ ਥੀਮ ਪਾਰਕ ਦਾ ਉਦਘਾਟਨੀ ਸਮਾਗਮ ਸੀ। ਸਾਬਕਾ ਸੀਐਮ ਚੰਨੀ ਨੇ 19 ਨਵੰਬਰ, 2021 ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ। ਉਦਘਾਟਨੀ ਸਮਾਗਮ ‘ਤੇ 1 ਕਰੋੜ 47 ਲੱਖ ਰੁਪਏ ਦਾ ਖ਼ਰਚ ਆਇਆ ਸੀ।
ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਰਾਜਬਿੰਦਰ ਸਿੰਘ ਨੇ ਇਸ ਬਾਰੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਟੂਰਿਜ਼ਮ ਵਿਭਾਗ ਦੇ ਅਫ਼ਸਰਾਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਸੀ। ਵਿਜੀਲੈਂਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਏਆਈਜੀ ਮਨਮੋਹਨ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਭਗਵੰਤ ਮਾਨ ਉੱਪਰ ਜੰਮ ਕੇ ਵਰ੍ਹੇ। ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਹੱਥ ਧੋ ਕੇ ਮੇਰੇ ਪਿੱਛੇ ਪਈ ਹੋਈ ਹੈ। ਸਰਕਾਰ ਹਰ ਹਾਲਤ ਵਿੱਚ ਮੈਨੂੰ ਅੰਦਰ ਕਰਨਾ ਚਾਹੁੰਦੀ ਹੈ। ਇਸ ਲਈ ਮੇਰੀ ਜਾਇਦਾਦ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਸਿਰਫ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ, ਪਰ ਹੁਣ ਮੇਰਾ ਜਿਉਣਾ ਹਰਾਮ ਕੀਤਾ ਹੋਇਆ ਹੈ।