ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਕਪੂਰਥਲਾ ਦੀ ਅਦਾਲਤ ਨੇ ਖਹਿਰਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਦੇ ਖਿਲਾਫ਼ ਬੀਤੇ ਦਿਨੀਂ ਭੁਲੱਥ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਭੁਲੱਥ ਦੇ ਐੱਸ.ਡੀ.ਐੱਮ.ਸੰਜੀਵ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਇਸ ਮਾਮਲੇ ‘ਚ ਅੱਜ ਸੁਣਵਾਈ ਕਰਦੇ ਹੋਏ ਵਧੀਕ ਸੈਸ਼ਨ ਜੱਜ ਕਪੂਰਥਲਾ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਵੀ ਪੋਸਟ ਸਾਂਝੀ ਕਰਦਿਆਂ ਕਿਹਾ ਕਿ, ਤੁਹਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਕਪੂਰਥਲਾ ਦੀ ਮਾਣਯੋਗ ਅਦਾਲਤ ਨੇ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਜੀ ਨੂੰ ਸਰਾਸਰ ਝੂਠੇ ਮੁਕੱਦਮੇ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਫ਼ਸੋਸ ਇਸ ਗੱਲ ਦਾ ਹੈ ਕਿ ਭਗਵੰਤ ਮਾਨ CM ਆਪਣੇ ਦਾਗ਼ੀ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸਾਡੇ ਖੂਨ ਦਾ ਪਿਆਸਾ ਹੋਇਆ ਹੈ ਕਿਉਂਕਿ ਸਾਡੀ ਇਤਲਾਹ ਮੁਤਾਬਕ ਮੇਰੇ ਪਿਤਾ ਖ਼ਿਲਾਫ਼ ਇੱਕ ਹੋਰ FIR ਗੁਪਤ ਤਰੀਕੇ ਨਾਲ ਕੀਤੀ ਗਈ ਹੈ। ਯਾਦ ਰਹੇ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ।
ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਸਾਥੀ ਸੁਖਪਾਲ ਖਹਿਰਾ ਨੂੰ ਉਸ ਵਿਰੁੱਧ ਦਾਇਰ ਕੀਤੇ ਝੂਠੇ ਕੇਸ ਵਿੱਚ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਸਦਾ ਇੱਕੋ ਇੱਕ ਗੁਨਾਹ ਮੰਤਰੀ ਕਟਾਰੂਚੱਕ ਨੂੰ ਉਸ ਦੇ ਘੋਰ ਜਿਨਸ਼ੀ ਦੁਰਵਿਹਾਰ ਲਈ ਬੇਨਕਾਬ ਕਰਨਾ ਹੈ। ਇਹ ਸ਼ਰਮਨਾਕ ਹੈ ਕਿ ਸੀਐਮ ਭਗਵੰਤ ਮਾਨ ਆਪਣੇ ਹੀ ਮੰਤਰੀ ਖਿਲਾਫ਼ ਗੰਭੀਰ ਦੋਸ਼ ਲੱਗਣ ਮਗਰੋਂ ਗ੍ਰਿਫਤਾਰ ਕਰਨ ਦੀ ਬਜਾਏ ਆਪਣੇ ਸਿਆਸੀ ਵਿਰੋਧੀਆਂ ਦੇ ਮਗਰ ਪਿਆ ਹੋਇਆ ਹੈ। ਸੱਚ ਦੀ ਹਮੇਸ਼ਾ ਜਿੱਤ ਹੋਵੇਗੀ।