ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੰਡੇਮਾਨ-ਨਿਕੋਬਾਰ ਦੀਪ ਸਮੂਹ ਨੂੰ ਨਵਾਂ ਤੋਹਫਾ ਦੇ ਰਹੇ ਹਨ। ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ। ਸ਼ੰਖ ਦੇ ਆਕਾਰ ਦੀ ਇਹ ਇਮਾਰਤ ਕਰੀਬ 710 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 5 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗੀ। ਇਸ ਮੌਕੇ ‘ਤੇ ਪੀਐਮ ਮੋਦੀ ਨੇ ਕਿਹਾ ਕਿ ਜ਼ਿਆਦਾ ਉਡਾਣਾਂ ਅਤੇ ਜ਼ਿਆਦਾ ਸੈਲਾਨੀਆਂ ਦਾ ਸਿੱਧਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਹੈ। ਪੋਰਟ ਬਲੇਅਰ ਦੀ ਇਸ ਨਵੀਂ ਟਰਮੀਨਲ ਬਿਲਡਿੰਗ ਨਾਲ ਸਫ਼ਰ ਤੇ ਸੌਖ ਵਧੇਗੀ, ਕਾਰੋਬਾਰ ਕਰਨ ਦੀ ਸੌਖ ਵਧੇਗੀ ਅਤੇ ਕਨੈਕਟੀਵਿਟੀ ਵੀ ਬਿਹਤਰ ਹੋਵੇਗੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਇਸ ਦੌਰਾਨ ਵਿਰੋਧੀ ਧਿਰ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਚਿਹਰਿਆਂ ਦੇ ਪਿੱਛੇ ਕਈ ਚਿਹਰੇ ਹਨ। ਉਨ੍ਹਾਂ ਨੇ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਹਨ। ਵਿਰੋਧੀ ਧਿਰ ਦਾ ਨਿਸ਼ਾਨਾ ਪਹਿਲਾਂ ਪਰਿਵਾਰ ਹੈ। ਉਨ੍ਹਾਂ ਦਾ ਇੱਕੋ ਇੱਕ ਏਜੰਡਾ ਪਰਿਵਾਰ ਨੂੰ ਬਚਾਉਣਾ ਹੈ। ਇਨ੍ਹੀਂ ਦਿਨੀਂ ਉਹ ਬੈਂਗਲੁਰੂ ‘ਚ ਜੁਟੇ ਹੋਏ ਹਨ। ਉਹ ਘੁਟਾਲਿਆਂ ‘ਤੇ ਚੁੱਪ ਹੋ ਜਾਂਦੇ ਹਨ ਅਤੇ ਉਹ ਭ੍ਰਿਸ਼ਟਾਚਾਰ ਦੀ ਗਾਰੰਟੀ ਦਿੰਦੇ ਹਨ।
ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਕਿਹਾ, “ਇਹ ਪਾਰਟੀਆਂ ਸਿਰਫ਼ ਉਨ੍ਹਾਂ ਕੰਮਾਂ ਨੂੰ ਪਹਿਲ ਦਿੰਦੀਆਂ ਸਨ, ਜਿਨ੍ਹਾਂ ‘ਚ ਆਪਣਾ, ਆਪਣੇ ਪਰਿਵਾਰ ਦਾ ਭਲਾ ਹੋਵੇ, ਨਤੀਜੇ ਵਜੋਂ ਸਾਡੇ ਕਬਾਇਲੀ ਇਲਾਕਿਆਂ ਅਤੇ ਟਾਪੂਆਂ ਦੇ ਲੋਕ ਵਿਕਾਸ ਤੋਂ ਵਾਂਝੇ ਰਹਿ ਗਏ। ਕੁਝ ਪਾਰਟੀਆਂ ਦੀ ਸੁਆਰਥੀ ਰਾਜਨੀਤੀ ਕਾਰਨ ਵਿਕਾਸ ਦਾ ਲਾਭ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵੀ ਨਹੀਂ ਪਹੁੰਚਿਆ। ਸਾਡੀ ਪਿਛਲੀ ਸਰਕਾਰ ਦੇ 9 ਸਾਲਾਂ ‘ਚ ਅੰਡੇਮਾਨ-ਨਿਕੋਬਾਰ ਨੂੰ ਕਰੀਬ 23 ਹਜ਼ਾਰ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਜਦਕਿ ਸਾਡੀ ਸਰਕਾਰ ਦੌਰਾਨ 9 ਸਾਲਾਂ ‘ਚ ਅੰਡੇਮਾਨ-ਨਿਕੋਬਾਰ ਦੇ ਵਿਕਾਸ ਲਈ ਲਗਭਗ 48 ਹਜ਼ਾਰ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, “ਪਿਛਲੀ ਸਰਕਾਰ ‘ਚ ਅੰਡੇਮਾਨ ਅਤੇ ਨਿਕੋਬਾਰ ‘ਚ ਕਰੀਬ 28 ਹਜ਼ਾਰ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਨਾਲ ਜੋੜਿਆ ਗਿਆ ਸੀ। ਸਾਡੀ ਸਰਕਾਰ ‘ਚ ਇੱਥੋਂ ਦੇ ਕਰੀਬ 50 ਹਜ਼ਾਰ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਸਾਡੀ ਸਰਕਾਰ ਹੈ ਜਿਸ ਨੇ ਹੈਵਲਾਕ ਅਤੇ ਨੀਲ ਆਈਲੈਂਡ ਦਾ ਨਾਮ ਸਵਰਾਜ ਅਤੇ ਸ਼ਹੀਦ ਆਈਲੈਂਡ ਰੱਖਿਆ। ਆਜ਼ਾਦੀ ਦੇ 75 ਸਾਲਾਂ ਵਿੱਚ ਸਾਡਾ ਭਾਰਤ ਕਿਤੇ ਵੀ ਪਹੁੰਚ ਸਕਦਾ ਸੀ। ਸਾਡੇ ਭਾਰਤੀਆਂ ਦੀ ਸਮਰੱਥਾ ਵਿੱਚ ਕਦੇ ਕੋਈ ਕਮੀ ਨਹੀਂ ਆਈ, ਪਰ ਭ੍ਰਿਸ਼ਟ ਅਤੇ ਪਰਿਵਾਰ ਆਧਾਰਿਤ ਪਾਰਟੀਆਂ ਨੇ ਆਮ ਭਾਰਤੀ ਦੀ ਇਸ ਸਮਰੱਥਾ ਨਾਲ ਬੇਇਨਸਾਫ਼ੀ ਕੀਤੀ ਹੈ।”