ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਅਤੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਨਾਲ ਜੁੜੀ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਯੂਕੇ ਦੇ ਬਰਤਾਨੀਆ ਵਿੱਚ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੁਖੀ ਦੇ ਨਾਲ-ਨਾਲ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦੱਸੇ ਜਾਂਦੇ ਅਤੇ ਮੁੱਖ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਖੰਡਾ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਸੀ। ਖੰਡਾ ਪੰਜਾਬ ਦਾ ਵਸਨੀਕ ਸੀ ਤੇ ਉਸ ਦਾ ਜਨਮ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ। ਅਵਤਾਰ ਸਿੰਘ ਖੰਡਾ ‘ਤੇ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਤਿਰੰਗਾ ਉਤਾਰਨ ਦਾ ਵੀ ਦੋਸ਼ ਹੈ।
ਸੂਤਰਾਂ ਅਨੁਸਾਰ ਕੇਐਲਐਫ ਮੁਖੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿਚ ਹੋਈ ਮੌਤ ਦਾ ਕਾਰਨ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਜ਼ਹਿਰ ਦੇਣ ਕਾਰਨ ਮੰਨਿਆ ਜਾ ਰਿਹਾ ਹੈ ਪਰ ਜਾਣਕਾਰੀ ਇਹ ਹੈ ਕਿ ਅਵਤਾਰ ਸਿੰਘ ਖੰਡਾ ਬਲੱਡ ਕੈਂਸਰ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।
ਅਵਤਾਰ ਸਿੰਘ ਖੰਡਾ ‘ਤੇ ਦੋਸ਼ ਸੀ ਕਿ ਉਸ ਨੇ ਪੰਜਾਬ ‘ਚ ਆਪਣੇ ਸਲੀਪਰ ਸੈੱਲ ਦੀ ਮਦਦ ਨਾਲ ਅੰਮ੍ਰਿਤਪਾਲ ਸਿੰਘ ਨੂੰ 37 ਦਿਨਾਂ ਤੱਕ ਲੁਕਾ ਕੇ ਰੱਖਿਆ ਸੀ। ਖੰਡਾ ਦਾ ਪੂਰਾ ਪਰਿਵਾਰ ਖਾਲਿਸਤਾਨੀ ਲਹਿਰ ਨਾਲ ਜੁੜਿਆ ਰਿਹਾ ਹੈ। ਖੰਡਾ ਨੂੰ ਬਰਤਾਨੀਆ ਵਿੱਚ ਭਾਰਤੀ ਦੂਤਾਵਾਸ ‘ਤੇ ਹਮਲੇ ਤੇ ਤਿਰੰਗੇ ਦੇ ਅਪਮਾਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਖੰਡਾ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸਾਲ 2015 ‘ਚ ਕੇਂਦਰ ਸਰਕਾਰ ਨੇ ਕੁਝ ਸ਼ੱਕੀ ਖਾਲਿਸਤਾਨੀ ਆਗੂਆਂ ਦੀ ਸੂਚੀ ਬ੍ਰਿਟਿਸ਼ ਸਰਕਾਰ ਨੂੰ ਸੌਂਪੀ ਸੀ, ਜਿਸ ‘ਚ ਖੰਡਾ ਦਾ ਨਾਂ ਸੀ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਠੀਕ ਪਹਿਲਾਂ ਅਵਤਾਰ ਸਿੰਘ ਖੰਡਾ ਨੇ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਲੰਡਨ ਭਜਾਉਣ ਦੀ ਵੀ ਯੋਜਨਾ ਬਣਾਈ ਸੀ। ਪਲਾਨਿੰਗ ਉਸ ਸਮੇਂ ਉਲਟ ਗਈ, ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤੇ ਕਿਰਨਦੀਪ ਕੌਰ ਨੂੰ ਫਲਾਈਟ ਵਿਚ ਚੜ੍ਹਨ ਤੋਂ ਪਹਿਲਾਂ ਹੀ ਏਅਰਪੋਰਟ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਸੀ। ਦਰਅਸਲ ‘ਚ ਅੰਮ੍ਰਿਤਪਾਲ ਦੇ ਅੰਦਰ ਇਹ ਡਰ ਸੀ ਕਿ ਪੁਲਿਸ ਉਸ ਨੂੰ ਫੜਨ ਲਈ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਹਥਿਆਰ ਵਜੋਂ ਵਰਤ ਸਕਦੀ ਹੈ। ਇਸ ਡਰ ਕਾਰਨ ਉਸ ਨੇ ਖੰਡਾ ਨਾਲ ਮਿਲ ਕੇ ਆਪਣੀ ਪਤਨੀ ਨੂੰ ਭਾਰਤ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚੀ। ਕਿਰਨਦੀਪ ਕੌਰ ਨੂੰ ਪੁਲਿਸ ਹਿਰਾਸਤ ਵਿਚ ਲੈਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੀ ਯੋਜਨਾ ਬਣਾਈ ਗਈ ਤੇ ਕੁਝ ਦਿਨਾਂ ਵਿਚ ਹੀ ਉਸ ਨੂੰ ਮੋਗਾ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ।