ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਦਾ ਮੁਕਾਬਲਾ ਹੋਣ ਦੀ ਖ਼ਬਰ ਨਸ਼ਰ ਹੋਈ ਹੈ। ਇਸ ਦਰਮਿਆਨ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ। ਪੁਲਿਸ ਨੇ ਨਾਕੇ ‘ਤੇ ਰੋਕਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ ਗਈਆਂ। ਪੁਲਿਸ ਵੱਲੋਂ ਕੀਤੀ ਗਈ ਕ੍ਰਾਸ ਫਾਇਰਿੰਗ ਦੌਰਾਨ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਾਸ ਫਾਇਰਿੰਗ ਦੌਰਾਨ ਗੈਂਗਸਟਰ ਇਕ ਘਰ ਵਿਚ ਜਾ ਕੇ ਲੁਕ ਗਏ ਸਨ। ਇਸ ਦੇ ਬਾਅਦ ਪੁਲਿਸ ਨੇ ਸਰਚ ਚਲਾ ਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਉਕਤ ਵਾਰਦਾਤ ਛੇਹਰਟਾ ਖੇਤਰ ਅਧੀਨ ਪੈਂਦੇ ਨਰਾਇਣਗੜ੍ਹ ਵਿੱਚ 40 ਫੁੱਟ ਰੋਡ ’ਤੇ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਵਿਚ ਕਰੀਬ 5 ਗੈਂਗਸਟਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਉਕਤ ਸਥਾਨ ‘ਤੇ ਨਾਕਾ ਲਾਇਆ। ਜਦੋਂ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਥੇ ਮੌਜੂਦ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ ਅਤੇ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਦਾ ਫਾਇਦਾ ਉਠਾਉਂਦੇ ਹੋਏ ਗੈਂਗਸਟਰ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਕੇ ਜਵਾਬੀ ਕਾਰਵਾਈ ਕੀਤੀ। ਪੁਲਿਸ ਤੋਂ ਬਚਣ ਲਈ ਗੈਂਗਸਟਰ ਇਕ ਘਰ ਵਿੱਚ ਵੜ ਗਏ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਘਰ ‘ਚ ਦਾਖ਼ਲ ਹੋਏ ਦੋ ਗੈਂਗਸਟਰਾਂ ਨੂੰ ਤਲਾਸ਼ੀ ਮੁਹਿੰਮ ਚਲਾ ਕੇ ਕਾਬੂ ਕਰ ਲਿਆ ਗਿਆ। ਛੇਹਰਟਾ ਟਾਊਨ ਚੌਂਕੀ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਨੂੰ ਦਬੋਚ ਲਿਆ ਗਿਆ। ਇਨ੍ਹਾਂ ਗੈਂਗਸਟਰਾਂ ਦੀ ਪਛਾਣ ਕਪੱਤਗੜ ਛੇਹਰਟਾ ਵਾਸੀ ਰਵੀ ਅਤੇ ਤਰਨਤਾਰਨ ਵਾਸੀ ਰਫੀ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੇ ਕੋਲੋਂ ਜਿਨ੍ਹਾਂ ਦੇ ਕੋਲੋਂ 5 ਪਿਸਤੌਲ ਅਤੇ ਕਰੀਬ ਦੋ ਦਰਜਨ ਕਰਤੂਸ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।