ਪਟਿਆਲਾ: ਰਾਜਪੁਰਾ ਵਿਚ ਪੱਤਰਕਾਰ ਵਲੋਂ ਕੀਤੀ ਆਤਮ-ਹੱਤਿਆ ਵਰਗਾ ਇਕ ਹੋਰ ਮਾਮਲਾ ਹੁਣ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਸਨੌਰੀ ਅੱਡੇ ਤੋਂ ਵਿਧਾਨ ਸਭਾ ਦੀਆਂ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਵਾਲੇ ਅਤੇ ਹਾਲ ਹੀ ਵਿਚ ਬੀਜੇਪੀ ‘ਚ ਸ਼ਾਮਲ ਹੋਏ ਗੁਰਮੁੱਖ ਸਿੰਘ ਧਾਲੀਵਾਲ ਨੇ ਅੱਜ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ ਗਈ ਹੈ। ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸ ਵੱਲੋਂ ਵੱਡੇ ਪੁਲਿਸ ਅਫ਼ਸਰਾਂ ਉੱਪਰ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਧਾਲੀਵਾਲ ਨੇ ਅੱਜ ਸਨੌਰੀ ਅੱਡੇ ਵਿਖੇ ਸਥਿਤ ਆਪਣੀ ਦੁਕਾਨ ਵਿੱਚ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਮੱਖ ਸਿੰਘ ਧਾਲੀਵਾਲ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ। ਇਸ ਵਿੱਚ ਉਸ ਵੱਲੋਂ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਜੀਐਸ ਸਿਕੰਦ ਖਿਲਾਫ ਉਸ ਦੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ।
ਉਥੇ ਹੀ ਮੌਕੇ ‘ਤੇ ਪਹੁੰਚੇ ਪਟਿਆਲਾ ਤੋਂ ਬੀਜੇਪੀ ਦੀ ਸੀਨੀਅਰ ਆਗੂ ਬੀਬਾ ਜੈ ਇੰਦਰ ਨੇ ਐਸਐਸਪੀ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਜੇਕਰ ਗੁਰਮੁੱਖ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰਿਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇੰਸਪੈਕਟਰ ਅਤੇ ਉਸ ਦੇ ਸਾਥੀਆਂ ਖਿਲਾਫ ਸਖ਼ਤ ਕਾਰਵਾਈ ਨਹੀਂ ਹੋਈ ਤਾਂ ਉਹ ਵੀ ਆਪਣੇ ਪਰਿਵਾਰ ਸਮੇਤ ਆਤਮਦਾਹ ਕਰ ਲੈਣਗੇ। ਬੀਜੇਪੀ ਦੀ ਸੀਨੀਅਰ ਆਗੂ ਬੀਬਾ ਜੇ ਇੰਦਰ ਕੌਰ ਨੇ ਮੌਕੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਹੁਣ ਘਰਾਂ ਵਿੱਚ ਜਾ ਕੇ ਪੁਲਿਸ ਮਹਿਲਾਵਾਂ ਨੂੰ ਵੀ ਟੌਰਚਰ ਕਰ ਰਹੀ ਹੈ। ਅਜਿਹੇ ਵਿਅਕਤੀਆਂ ਨੂੰ ਮਜਬੂਰਨ ਆਤਮ-ਹੱਤਿਆ ਕਰਨ ਲਈ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ।