ਲੁਧਿਆਣਾ ਜ਼ਿਲ੍ਹੇ ਤੋਂ ਬਾਅਦ ਨੰਗਲ ਵਿਚ ਗੈਸ ਲੀਕ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਹਾਦਸੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਪ੍ਰਭਾਵਿਤ ਹੋਈ ਹੈ ਜਿਨ੍ਹਾਂ ਨੂੰ ਨੰਗਲ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਗੈਸ ਲੀਕ ਹੋਣ ਕਾਰਨ ਕੁਝ ਬੱਚਿਆਂ ਤੇ ਅਧਿਆਪਕਾਂ ਨੇ ਉਲਟੀਆਂ ਆਉਣ ਸੰਬੰਧੀ ਅਤੇ ਸਾਹ ਲੈਣ ਵਿੱਚ ਦਿੱਕਤ ਆਉਣ ਸਬੰਧੀ ਸ਼ਿਕਾਇਤ ਕੀਤੀ ਗਈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਕੁਝ ਲੋਕਾਂ ਦੇ ਗਲੇ ਅਤੇ ਸਿਰ ਦਰਦ ਹੋਣ ਦੀ ਵੀ ਸ਼ਿਕਾਇਤ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਖਦਸ਼ਾ ਹੈ ਕਿ ਸਕੂਲ ਨਜ਼ਦੀਕ ਬਣੀ ਇੰਡਸਟਰੀ ‘ਚੋਂ ਗੈਸ ਲੀਕ ਹੋਈ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਗਨੀਮਤ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਦੀ ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕੀਤਾ ਹੈ। ਟਵੀਟ ਵਿਚ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਵਿੱਚ ਗੈਸ ਲੀਕ ਹੋਣ ਦੀ ਖ਼ਬਰ ਮਿਲੀ ਹੈ। ਸਾਵਧਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਦੀਆਂ ਸਾਰੀਆਂ ਐਂਬੂਲੈਂਸਾ ਨੂੰ ਘਟਨਾ ਵਾਲੀ ਜਗ੍ਹਾ ‘ਤੇ ਭੇਜਿਆ ਜਾ ਰਿਹਾ ਹੈ। ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੀ ਸਿਹਤ ਦੀ ਕਾਮਨਾ ਕਰਦਾ ਹਾਂ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਮੈਂ ਖ਼ੁਦ ਵੀ ਜਲਦ ਮੌਕੇ ‘ਤੇ ਪਹੁੰਚ ਰਿਹਾ ਹਾਂ।
ਇਥੇ ਦੱਸਣਯੋਗ ਹੈ ਕਿ ਹਾਲ ਹੀ ਵਿਚ ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੋਈ 11 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਕਰ ਰਹੀ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਭਾਨੋ ਲੰਗਾ ਅਤੇ ਖੈੜਾ ਦੋਨਾ ਵਿਚਾਲੇ ਸਥਿਤ ਕੋਲਡ ਸਟੋਰ ‘ਚ ਰਾਤ ਅਚਾਨਕ ਗੈਸ ਲੀਕ ਹੋ ਗਈ ਸੀ।