ਨਵੀਂ ਦਿੱਲੀ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਭਾਜਪਾ ‘ਤੇ ‘ਆਪ’ ਮੰਤਰੀ ਸਤੇਂਦਰ ਜੈਨ ਦੇ ਤਿਹਾੜ ਜੇਲ੍ਹ ਤੋਂ ਵੀਡੀਓ ਲੀਕ ਕਰਨ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਉਹ ਰੀੜ੍ਹ ਦੀ ਸੱਟ ਲਈ ਫਿਜ਼ੀਓਥੈਰੇਪੀ ਕਰਵਾ ਰਹੇ ਹਨ। ਭਗਵਾ ਪਾਰਟੀ ‘ਤੇ ਗੰਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ ਨਿਆਇਕ ਹਿਰਾਸਤ ‘ਚ ਜੇਲ੍ਹ ‘ਚ ਬੰਦ ਜੈਨ ਡਿੱਗ ਗਏ ਸਨ। ਉਨ੍ਹਾਂ ਕਿਹਾ,”ਜੈਨ ਨੂੰ ਰੀੜ੍ਹ ਦੀ ਹੱਡੀ ‘ਚ ਸੱਟ ਲੱਗੀ ਸੀ ਅਤੇ ਉਨ੍ਹਾਂ ਦੀਆਂ 2 ਸਰਜਰੀਆਂ ਵੀ ਹੋਈਆਂ ਸਨ। ਡਾਕਟਰਾਂ ਨੇ ਛੁੱਟੀ ਹੋਣ ‘ਤੇ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਸੀ ਅਤੇ ਉਨ੍ਹਾਂ ਵੀਡੀਓ ‘ਚ ਉਨ੍ਹਾਂ ਨੂੰ ਫਿਜ਼ੀਓਥੈਰੇਪੀ ਕਰਵਾਉਂਦੇ ਦਿਖਾਇਆ ਗਿਆ ਹੈ।” ਸਿਸੋਦੀਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਹਿਯੋਗੀ ਨੂੰ ਇਕ ਝੂਠੇ ਮਾਮਲੇ ‘ਚ ਫਸਾਇਆ ਗਿਆ ਹੈ ਅਤੇ ਭਾਜਪਾ ਜੈਨ ਦੀ ਬੀਮਾਰੀ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਕਿਹਾ,”ਭਾਜਪਾ ਐੱਮ.ਸੀ.ਡੀ. ਅਤੇ ਗੁਜਰਾਤ ਚੋਣਾਂ ਹਾਰ ਰਹੀ ਹੈ ਅਤੇ ਇਸ ਲਈ ਇਸ ਤਰ੍ਹਾਂ ਦੇ ਘਟੀਆ ਚੀਜ਼ਾਂ ਦਾ ਸਹਾਰਾ ਲੈ ਰਹੀ ਹੈ। ਭਾਜਪਾ ਇਨ੍ਹਾਂ ਮੁੱਦਿਆਂ ‘ਤੇ ਦਿੱਲੀ ‘ਚ ਨਗਰ ਨਿਗਮ ਚੋਣਾਂ (ਐੱਮ.ਸੀ.ਡੀ.) ਲੜਨੀਆਂ ਚਾਹੁੰਦੀ ਹੈ।”
ਦਸ ਦਈਏ ਕਿ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਤਿਹਾੜ ਜੇਲ੍ਹ ’ਚ ਬੰਦ ਸਤੇਂਦਰ ਜੈਨ ਮਾਲਸ਼ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦਾ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਇਆ ਹੈ। ਜੇਲ੍ਹ ਦੇ ਸੈੱਲ ’ਚ ਲੱਗੇ ਸੀ. ਸੀ. ਟੀ. ਵੀ. ’ਚ ਸਤੇਂਦਰ ਜੈਨ ਦੀ ਮਾਲਸ਼ ਕਰਵਾਉਂਦਿਆਂ ਦੀਆਂ ਤਸਵੀਰਾਂ ਕੈਦ ਹਨ। ਦੱਸ ਦੇਈਏ ਕਿ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਕੁਝ ਸਮਾਂ ਪਹਿਲਾਂ ਦੋਸ਼ ਲਾਇਆ ਸੀ ਕਿ ਤਿਹਾੜ ਜੇਲ੍ਹ ’ਚ ਸਤੇਂਦਰ ਜੈਨ ਨੂੰ VIP ਟ੍ਰੀਟਮੈਂਟ ਮਿਲ ਰਿਹਾ ਹੈ। ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਸਤੇਂਦਰ ਜੈਨ ਬੈੱਡ ’ਤੇ ਆਰਾਮ ਨਾਲ ਲੇਟੇ ਹੋਏ ਹਨ ਜਦਕਿ ਇਕ ਸ਼ਖ਼ਸ ਉਨ੍ਹਾਂ ਦੇ ਪੈਰਾਂ ਅਤੇ ਸਿਰ ਦੀ ਮਾਲਸ਼ ਕਰ ਰਿਹਾ ਹੈ। ਇੰਨਾ ਹੀ ਨਹੀਂ ਜੈਨ ਦੇ ਕਮਰੇ ਵਿਚ ਬਿਸਲਰੀ ਪਾਣੀ ਵਾਲੀਆਂ ਬੋਤਲਾਂ ਵੀ ਵਿਖਾਈ ਦੇ ਰਹੀਆਂ ਹਨ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇਲ੍ਹ ’ਚ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ੜੀਫ ਟ੍ਰੀਟਮੈਂਟ ਮਿਲ ਰਿਹਾ ਹੈ। ਇਹ ਵੀਡੀਓ 13 ਸਤੰਬਰ 2022 ਦਾ ਦੱਸਿਆ ਜਾ ਰਿਹਾ ਹੈ। ਤਿਹਾੜ ਜੇਲ੍ਹ ਦੇ ਸੈੱਲ-4 ਬਲਾਕ-ਏ ਦੀ ਇਹ ਸੀ. ਸੀ. ਟੀ. ਵੀ. ਫੁਟੇਜ਼ ਹੈ। ਈਡੀ ਨੇ ਤਿਹਾੜ ਤੋਂ ਸਤੇਂਦਰ ਜੈਨ ਨੂੰ ਮਾਲਸ਼ ਕਰਵਾਉਂਦਿਆਂ ਦੀ ਵੀਡੀਓ ਫੁਟੇਜ਼ ਲਈ ਸੀ, ਜੋ ਹੁਣ ਸਾਰਿਆਂ ਦੇ ਸਾਹਮਣੇ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ’ਚ ਉਪ ਰਾਜਪਾਲ ਦੇ ਹੁਕਮ ਦੇ ਇਕ ਜਾਂਚ ਕਮੇਟੀ ਗਠਿਤ ਕੀਤੀ ਗਈ ਅਤੇ ਇਸ ਸਿਲਸਿਲੇ ਵਿਚ ਜੇਲ ਨੰਬਰ-7 ਦੇ ਸੁਪਰਡੈਂਟ ਅਜਿਤ ਸਮੇਤ 58 ਲੋਕਾਂ ਦਾ ਟਰਾਂਸਫ਼ਰ ਕੀਤਾ ਗਿਆ ਸੀ। ਉੱਥੇ ਹੀ ਇਸ ਤੋਂ ਪਹਿਲਾਂ ਜੈਨ ਦੀ ਜ਼ਮਾਨਤ ਅਰਜ਼ੀ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ। ਈਡੀ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੈਨ ਨੇ ਦਿੱਲੀ ’ਚ ਸਿਹਤ ਮੰਤਰੀ ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਜੇਲ੍ਹ ਤੋਂ ਬਾਹਰ ਆਉਣ ’ਤੇ ਉਹ ਜਾਅਲੀ ਦਸਤਾਵੇਜ਼ ਪ੍ਰਾਪਤ ਕਰਨ, ਡਾਕਟਰਾਂ ਅਤੇ ਜੇਲ੍ਹ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦਾ ਪ੍ਰਬੰਧਨ ਕਰ ਸਕਦੇ ਹਨ।