ਪਿਛਲੇ ਕੁਝ ਮਹੀਨਿਆਂ ਤੋਂ ਵਿਗੜ ਰਹੇ ਪੰਜਾਬ ਦੇ ਮਾਹੌਲ ਨੂੰ ਲੈਕੇ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ। ਹੁਣ ਪੰਜਾਬ ’ਚ ਵਾਪਰ ਰਹੀਆਂ ਕਤਲ, ਲੁੱਟਾਂ-ਖੋਹਾਂ ਤੇ ਫਿਰੌਤੀਆਂ ਮੰਗਣ ਵਰਗੀਆਂ ਘਟਨਾਵਾਂ ਦੀ ਭੇਟ ਚੜ੍ਹੇ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਧੱਕੇਸ਼ਾਹੀ ਖ਼ਿਲਾਫ਼ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨੀਂਦ ਖੁੱਲ੍ਹਣ ਵਾਲੀ ਨਹੀਂ ਹੈ।
ਹੁਣ ਸਾਨੂੰ ਸਰਕਾਰ ਦੀ ਨੀਂਦ ਖੋਲ੍ਹਣ ਲਈ ਸੰਘਰਸ਼ ਵਿੱਢਣਾ ਹੀ ਪਵੇਗਾ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਦੇਖਦਿਆਂ ਸਰਕਾਰ ਨੂੰ ਅਸਲਾ ਲਾਇਸੈਂਸ ਪ੍ਰਣਾਲੀ ਜਿਥੇ ਸੌਖੀ ਕਰਨੀ ਚਾਹੀਦੀ ਹੈ, ਉਥੇ ਉਸ ਨੂੰ ਹੋਰ ਗੁੰਝਲਦਾਰ ਬਣਾ ਕੇ ਔਖਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜੇਕਰ ਤੁਸੀਂ ਲੋਕਾਂ ਦੀ ਸੁਰੱਖਿਆ ਨਹੀਂ ਕਰਨੀ ਤਾਂ ਘੱਟੋ-ਘੱਟ ਲੋਕਾਂ ਨੂੰ ਆਪਣੀ ਸੁਰੱਖਿਆ ਤਾਂ ਕਰਨ ਦਿਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੋ ਗੈਂਗਸਟਰਾਂ ਦੇ ਸਤਾਏ ਹੋਏ ਹਨ, ਸਭ ਨੂੰ ਇਕ ਮੰਚ ’ਤੇ ਆ ਕੇ ਖ਼ੁਦ ਕੁਝ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਅਸੀਂ ਲੋਕ ਇਕੱਠੇ ਨਹੀਂ ਹੋਵਾਂਗੇ, ਉਦੋਂ ਤਕ ਸਾਨੂੰ ਇਨਸਾਫ਼ ਮਿਲਣ ਦੀ ਉਮੀਦ ਛੱਡ ਦੇਣੀ ਚਾਹੀਦੀ ਹੈ।