ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਕੁਝ ਧਿਰਾਂ ‘ਤੇ ਨਿਸ਼ਾਨੇ ਸਾਧੇ ਸੀ। ਸੀ.ਐਮ. ਮਾਨ ਵੱਲੋਂ ਮੀਡੀਆ ਅਤੇ ਸਿਆਸੀ ਘਰਾਣਿਆਂ ‘ਤੇ ਤੰਜ ਕਸਿਆ ਗਿਆ ਸੀ। ਉਨ੍ਹਾਂ ਮੀਡੀਆ ਦੇ ਸਿਆਸੀ ਪਰਿਵਾਰਾਂ ਨਾਲ ਸੰਬੰਧਾਂ ‘ਤੇ ਚੋਟ ਮਾਰੀ ਹੈ ਅਤੇ ਅਧਿਕਾਰਤ ਤੌਰ ‘ਤੇ ਬਿਨਾਂ ਕਿਸੇ ਦਾ ਨਾਮ ਲਏ ਆਪਣਾ ਸੰਦੇਸ਼ ਉਹਨਾਂ ਤੱਕ ਅਤੇ ਪੰਜਾਬੀਆਂ ਤੱਕ ਪਹੁੰਚਾ ਦਿੱਤਾ ਜਿੰਨਾਂ ਤੱਕ ਉਹ ਪਹੁੰਚਾਉਣਾ ਚਾਹੁੰਦੇ ਸਨ। ਸੀ.ਐਮ ਨੇ ਕਿਹਾ ਸੀ, “ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ। ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ। ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ। ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ। ਨੋਟ:ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ
ਇਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਸ਼ਾਇਰਾਨਾਂ ਅੰਦਾਜ਼ ‘ਚ ਸੀ.ਐਮ. ਮਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਉਹਨਾਂ ਟਵੀਟ ਕਰਦਿਆਂ ਕਿਹਾ, “ਇੱਕ ਆਪਣੇ ਲੋਕਾਂ ਦੀ ਰੱਖਿਆ ਲਈ ਵਰਤੀ ਜਾਂਦੀ ਇਕ ਦਿੱਲੀ ਦੇ ਪੈਰਾਂ ਵਿਚ ਰੱਖ ਦਿੱਤੀ ਜਾਂਦੀ ਏ…ਤਲਵਾਰ ਤਲਵਾਰ ਵਿਚ ਫ਼ਰਕ ਹੁੰਦੈ। ਇਕ ਬੁੱਢੀ ਉਮਰੇ ਧੀ ਤੋਰਦਾ ਇਕ ਕਿਸੇ ਦੀ ਧੀ ਲੈ ਆਉਂਦਾ…ਪਰਿਵਾਰ ਪਰਿਵਾਰ ਵਿਚ ਫ਼ਰਕ ਹੁੰਦੈ। ਇੱਕ ਪੰਜਾਬ ਨੂੰ ਨੌਕਰੀਆਂ ਦਿੰਦੀ, ਤੇ ਇਕ ਬਾਹਰੋਂ ਬੰਦੇ ਲਿਆ ਇਹਨਾਂ ਨੂੰ ਰਾਜ ਕਰਾਉਂਦੀ…ਸਰਕਾਰ ਸਰਕਾਰ ਵਿਚ ਫ਼ਰਕ ਹੁੰਦੈ। ਇੱਕ ਛੱਪ ਕੇ ਵਿਕਦੈ ਇਕ ਛਪਣ ਤੋਂ ਪਹਿਲਾਂ ਇਸ਼ਤਿਹਾਰ ਅਤੇ ਡਰਾ ਧਮਕਾ ਕੇ ਖਰੀਦ ਲਿਆ ਜਾਂਦਾ…ਅਖ਼ਬਾਰ ਅਖ਼ਬਾਰ ਵਿਚ ਫ਼ਰਕ ਹੁੰਦੈ। ਨੋਟ – ਮੈਨੂੰ ਉਮੀਦ ਹੈ ਪੰਜਾਬ ਦੇ ਸਾਰੇ ਹਮਦਰਦ ਮੇਰੇ ਨਾਲ ਸਹਿਮਤ ਹੋਣਗੇ ਸਿਰਫ 92 ਪੰਜਾਬ ਦੀ ਕੁੱਖੋਂ ਜੰਮਿਆਂ ਨੂੰ ਛੱਡ ਕੇ
ਇਹ ਟਵਿਟਰ ਜੰਗ ਹਾਲੇ ਇਥੇ ਹੀ ਖ਼ਤਮ ਨਹੀਂ ਹੋਈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼ਾਇਰੋ-ਸ਼ਾਇਰੀ ਕਰਦਿਆਂ ਲਿਖਿਆ, “ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ… ਇਸ਼ਤਿਹਾਰ-ਇਸ਼ਤਿਹਾਰ ‘ਚ ਬੜਾ ਫ਼ਰਕ ਹੁੰਦੈ। ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ ‘ਚ ਹੁੰਦੈ… ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈ। ਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ… ਡਕਾਰ-ਡਕਾਰ ‘ਚ ਬੜਾ ਫ਼ਰਕ ਹੁੰਦੈ। ਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ… ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ।