ਸ਼ਹੀਦਾਂ ਦੀ ਧਰਤੀ ਕਹੇ ਜਾਂਦੇ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਚੱਲ ਰਿਹਾ। ਇਸ ਸ਼ਹੀਦੀ ਸਭਾ ਵਿਚ ਜਿਥੇ ਵੱਡੀ ਗਿਣਤੀ ’ਚ ਸੰਗਤਾਂ ਦਾ ਇਕੱਠ ਨਤਮਸਤਕ ਹੋਣ ਲਈ ਪਹੁੰਚ ਰਿਹਾ ਹੈ ਉਥੇ ਹੀ ਸਿਆਸੀ ਲੀਡਰਾਂ ਵਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ। ਅੱਜ ਫ਼ਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਸਮੇਤ ਫਤਿਹਗੜ੍ਹ ਸਾਹਿਬ ਗੁਰਦੁਆਰਾ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਦੇ ਸਲਾਨਾ ਜੋੜ ਮੇਲੇ ‘ਚ ਉਨ੍ਹਾਂ ਨੇ ਗੁਰੂ ਚਰਨਾਂ ‘ਚ ਮੱਥਾ ਟੇਕਿਆ।
ਇਸ ਮੌਕੇ ਮੁੱਖ ਮੰਤਰੀ ਮਾਨ ਵੱਲੋਂ ਸੰਗਤਾਂ ਨਾਲ ਆਉਂਦੇ-ਜਾਂਦੇ ਸਮੇਂ ਗੱਲਬਾਤ ਵੀ ਕੀਤੀ ਗਈ ਅਤੇ ਮੋਬਾਇਲ ‘ਤੇ ਸੈਲਫੀਆਂ ਵੀ ਖਿਚਵਾਈਆਂ। ਮੁੱਖ ਮੰਤਰੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਹਲਕਾ ਅਮਲੋਹ ਦੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ਰਧਾ ਪੂਰਵਕ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।