ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਟੈਂਡਰ ਘੁਟਾਲੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਆਸ਼ੂ ਦੇ ਖ਼ਿਲਾਫ਼ 16 ਅਗਸਤ ਨੂੰ ਕੇਸ ਦਰਜ ਕੀਤਾ ਸੀ ਅਤੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਆਸ਼ੂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦ ਉਹ ਸੈਲੂਨ ਵਿਚ ਵਾਲਾਂ ਦੀ ਕਟਿੰਗ ਕਰਵਾਉਣ ਲਈ ਆਏ ਸਨ। ਕਾਂਗਰਸ ਨੇ ਇਸ ਗ੍ਰਿਫਤਾਰੀ ਦਾ ਭਾਰੀ ਵਿਰੋਧ ਕੀਤਾ ਸੀ। ਵਿਜੀਲੈਂਸ ਬਿਊਰੋ ਨੇ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੁਆਈ ਲਈ ਕਥਿਤ ਟਰਾਂਸਪੋਰਟ ਟੈਂਡਰ ਘੁਟਾਲੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਸ਼ਾਮਲ ਕੀਤਾ ਸੀ।
ਦਸਣਯੋਗ ਹੈ ਕਿ ਹਾਈਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਬੀਤੀ 17 ਫਰਵਰੀ ਤੋਂ ਟਲਦੀ ਆ ਰਹੀ ਸੀ। ਦਰਅਸਲ ਜੇਲ੍ਹ ‘ਚ ਬੰਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮਾਮਲੇ ‘ਚ ਜ਼ਮਾਨਤ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।
ਹਾਈਕੋਰਟ ਨੇ ਪਹਿਲਾਂ 17 ਫਰਵਰੀ ਅਤੇ ਫਿਰ 20 ਫਰਵਰੀ ਅਤੇ ਇਸ ਤੋਂ ਬਾਅਦ 23 ਫਰਵਰੀ ਲਈ ਸੁਣਵਾਈ ਟਾਲ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।