ਸਾਬਕਾ ਮੰਤਰੀ ਲਗਾਤਾਰ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਆ ਰਹੇ ਹਨ। ਹੁਣ ਕਾਂਗਰਸ ਸਰਕਾਰ ਸਮੇਂ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਦਰਅਸਲ, ਮਾਮਲਾ ਕੁਝ ਇਸ ਤਰੀਕੇ ਦਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਾਂਗਰਸ ਸਰਕਾਰ ਸਮੇਂ ਮੰਤਰੀ ਹੁੰਦਿਆ ਕਰੋੜਾਂ ਰੁਪਏ ਖਰਚ ਕਰਕੇ ਇਕ ਨਵੀਂ ਕੋਠੀ ਬਣਾਈ ਸੀ। ਜਿਸ ਦੀ ਜਾਂਚ ਪੜਤਾਲ ਕਰਨ ਲਈ ਵਿਜੀਲੈਂਸ ਵਿਭਾਗ ਦੀ ਇੱਕ ਟੈਕਨੀਕਲ ਟੀਮ ਅੱਜ ਅਰੋੜਾ ਦੀ ਨਵੀਂ ਕੋਠੀ ਦੀ ਗਿਣਤੀ-ਮਿਣਤੀ ਕਰਨ ਪਹੁੰਚ ਰਹੀ ਹੈ।
ਦਸਣਯੋਗ ਹੈ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਊਨਾ ਰੋਡ ’ਤੇ ਸਥਿਤ ਸੁੰਦਰ ਸ਼ਾਮ ਅਰੋੜਾ ਦੀ ਇਸ ਮਹਿਲਨੁਮਾ ਕੋਠੀ ਦੀ ਉਸਾਰੀ ਸਮੇਂ ਵੀ ਵਿਰੋਧੀਆਂ ਵੱਲੋਂ ਤੰਜ ਕੱਸੇ ਜਾਂਦੇ ਰਹੇ ਹਨ ਪਰ ਜਿਸ ਸਮੇਂ ਕੋਠੀ ਦਾ ਨਿਰਮਾਣ ਹੋ ਰਿਹਾ ਸੀ ਉਸ ਸਮੇਂ ਸੁੰਦਰ ਸ਼ਾਮ ਅਰੋੜਾ ਸੂਬੇ ਦੇ ਉਦਯੋਗ ਮੰਤਰੀ ਸੀ ਅਤੇ ਇਸੇ ਕਾਰਨ ਵਿਰੋਧੀਆਂ ਵੱਲੋਂ ਉਠਾਏ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਸੀ ਪਰ ‘ਆਪ’ ਸਰਕਾਰ ਦੇ ਆਉਣ ਤੋਂ ਬਾਅਦ ਕਈ ਸਾਬਕਾ ਮੰਤਰੀ ਹੁਣ ਨਿਸ਼ਾਨੇ ‘ਤੇ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਅਕਤੂਬਰ 2022 ਵਿੱਚ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਪਹੁੰਚੇ ਸਨ। ਨਾਲ ਹੀ ਤੁਹਾਨੂੰ ਦਸ ਦਈਏ ਕਿ ਕੁਝ ਸਮਾਂ ਪਹਿਲਾਂ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।