ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੇਤ ਮਾਫੀਆ ਨੂੰ ਲੈਕੇ ਕਾਂਗਰਸੀਆਂ ‘ਤੇ ਨਿਸ਼ਾਨੇ ਸਾਧੇ ਗਏ ਸੀ ਜਿਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਵੀ ਸ਼ਾਮਲ ਹੋਇਆ ਸੀ। ਇਸ ਉੱਤੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆ ਚੁੱਕਾ ਹੈ। ਮੋਰਿੰਡਾ ਸਥਿਤ ਆਪਣੀ ਰਿਹਾਇਸ਼ ਵਿਖੇ ਬਲਾਕ ਮੋਰਿੰਡਾ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਬੰਧੀ ਕੈਲੀਫਰੋਨੀਆ ਵਿਖੇ ਕੱਢੇ ਜਾ ਰਹੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਮੈਨੂੰ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਵਿਚ ਇਹ ਬਿਆਨ ਦਿੱਤਾ ਗਿਆ ਸੀ ਕਿ ਚੰਨੀ ਨੂੰ ਵੀ ਫੜ੍ਹਕੇ ਜੇਲ੍ਹ ਅੰਦਰ ਭੇਜਣਾ ਹੈ, ਇਸ ‘ਤੇ ਵੀ ਕੇਸ ਬਣਾਉਣੇ ਹਨ। ਉਹਨਾਂ ਕਿਹਾ ਕਿ ਜੇਕਰ ਮੈਂ ਹੁਣ ਕੈਲੀਫਰੋਨੀਆ ਚਲਾ ਗਿਆ ਤਾਂ ਇਨਾਂ ਨੇ ਮੇਰੇ ‘ਤੇ ਇਲਜ਼ਾਮ ਲਗਾਉਣੇ ਹਨ ਕਿ ਮੈਂ ਭੱਜ ਗਿਆ । ਇਸ ਕਰਕੇ ਮੈਂ ਵਿਦੇਸ਼ ਜਾਣ ਦਾ ਪ੍ਰੋਗਰਾਮ ਰੱਦ ਕਰਦਿਆਂ ਆਪਣੀ ਟਿਕਟ ਰੱਦ ਕਰਵਾ ਦਿੱਤੀ ਹੈ।
ਨਾਲ ਹੀ ਉਹਨਾਂ ਕਿਹਾ ਕਿ ‘ਆਪ’ ਸਰਕਾਰ ਗਰੀਬਾਂ ਦੀ ਵਿਰੋਧੀ ਸਰਕਾਰ ਬਣ ਚੁੱਕੀ ਹੈ, ਜਿਸ ਕਾਰਨ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਮਿਲਦੀ ਕਣਕ ‘ਚ ਕਟੌਤੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਕੀਮ ਅਧੀਨ ਰਾਸ਼ਨ ਦਿੱਤਾ ਜਾਂਦਾ ਹੈ ਤੇ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ ਕੁਝ ਪੈਸੇ ਇਸ ਸਕੀਮ ਵਿਚ ਪਾਉਣੇ ਹੁੰਦੇ ਹਨ, ਜਦਕਿ ਪੰਜਾਬ ਸਰਕਾਰ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ, ਜਿਸ ਕਾਰਨ ਵੱਡੀ ਗਿਣਤੀ ਵਿਚ ਗਰੀਬ ਪਰਿਵਾਰ ਆਟਾ-ਦਾਲ ਸਕੀਮ ਅਧੀਨ ਮਿਲਦੀ ਕਣਕ ਤੋ ਵਾਂਝੇ ਹੋ ਗਏ ਹਨ।