ਭਾਰਤ ਸਰਕਾਰ ਵਲੋਂ ਪਿਛਲੇ ਦਿਨੀ ਭਾਰਤ ਦੇ ਸਿੱਖ ਫ਼ੌਜੀ ਜਵਾਨਾਂ ਲਈ ਵੱਡਾ ਕਦਮ ਚੁੱਕਦਿਆਂ ਇਕ ਫੈਸਲਾ ਲਿਆ ਗਿਆ ਸੀ ਕਿ ਸਿੱਖ ਫ਼ੌਜੀ ਜਵਾਨਾਂ ਨੂੰ ਜਲਦ ਹੀ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਬੈਲਸਟਿਕ ਹੈਲਮੇਟ ਦਿੱਤੇ ਜਾਣਗੇ ਜਿਸ ’ਤੇ ਸਿਆਸਤ ਗਰਮਾਉਣ ਲੱਗ ਪਈ ਹੈ। ਸਿੱਖ ਫ਼ੌਜੀ ਜਵਾਨਾਂ ਨੂੰ ਹੈਲਮਟ ਪਹਿਨਾਉਣ ਦੇ ਸੰਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ ਜਿਸ ਵਿਚ ਉਹਨਾਂ ਕਿਹਾ ਕਿ ਸਾਡਾ ਰੱਖਿਅਕ ਅਕਾਲ ਪੁਰਖ ਹੈ, ਸਿੱਖ ਕਿਸੇ ਵੀ ਕੀਮਤ ’ਤੇ ਕਿਸੇ ਵੀ ਤਰੀਕੇ ਦਾ ਟੋਪ ਜਾਂ ਟੋਪੀ ਨਹੀਂ ਪਹਿਨਣਗੇ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਲੋਕ ਸਿੱਖ ਹੈਲਮਟ ਨਾਮ ਦੀ ਵੈਬਸਾਈਟ ਬਣਾਕੇ ਇਸ ਨੂੰ ਉਤਸ਼ਾਹਿਤ ਕਰ ਰਹੇ ਹਨ, ਉਹ ਮੰਦਭਾਗਾ ਹੈ ਅਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਲਈ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ ਆਪ ਤਾਜ ਹੈ, ਇਸ ਦੀ ਥਾਂ ’ਤੇ ਹੈਲਮਟ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਫ਼ੈਸਲੇ ਨੂੰ ਮੁੜ ਵਿਚਾਰ ਕਰੇ ਅਤੇ ਉਹਨਾਂ ਨੇ ਸਿੱਖਾਂ ਨੂੰ ਵੀ ਇਹ ਗੱਲ ਆਖੀ ਹੈ ਕਿ ਸਿੱਖ ਵੀ ਆਪਣੇ ਧਰਮ ਅਤੇ ਫ਼ਰਜ਼ ਪ੍ਰਤੀ ਸੁਚੇਤ ਹੋਣ।