ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਜੰਗ ਛਿੜੀ ਹੋਈ ਹੈ। ਦਰਅਸਲ, ਨਵਜੋਤ ਸਿੰਘ ਸਿੱਧੂ ਵਲੋਂ ਕਿਹਾ ਗਿਆ ਸੀ ਕਿ ਭਗਵੰਤ ਮਾਨ ਦਾ ਬਿਆਨ ਸੀ ਕਿ ਸੱਤਾ ਸੰਭਾਲਣ ਤੋਂ ਬਾਅਦ ਉਹ ਬਦਲਾਅ ਲੈ ਕੇ ਆਉਣਗੇ ਪਰ ਉਨ੍ਹਾਂ ਨੇ ਬਦਲਾਅ ਦੇ ਨਾਂ ‘ਤੇ ਸਿਰਫ ਦੂਜਾ ਵਿਆਹ ਕਰਵਾਇਆ ਹੈ।
ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਜੀ ਨੇ ਵੀ ਦੂਜਾ ਵਿਆਹ ਕਰਵਾਇਆ ਸੀ ਅਤੇ ਨਵਜੋਤ ਸਿੱਧੂ ਆਪਣੇ ਪਿਤਾ ਦੀ ਦੂਜੀ ਪਤਨੀ ਦੇ ਹੀ ਬੇਟੇ ਹਨ। ਜੇਕਰ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਨਾ ਕਰਵਾਇਆ ਹੁੰਦਾ ਹੈ ਤਾਂ ਨਵਜੋਤ ਸਿੱਧੂ ਦਾ ਅੱਜ ਕੋਈ ਵਜੂਦ ਨਹੀਂ ਹੋਣਾ ਸੀ। ਉਨ੍ਹਾਂ ਨੇ ਵਿਅੰਗ ਕੱਸਦਿਆਂ ਕਿਹਾ ਕਿ ਹੁਣ ਜੇਕਰ ਰਾਹੁਲ ਗਾਂਧੀ ਦਾ ਵਿਆਹ ਨਹੀਂ ਹੋ ਰਿਹਾ ਤਾਂ ਸਾਡਾ ਕੀ ਕਸੂਰ ਹੈ।
ਦਸ ਦਈਏ ਕਿ ਮੁੱਖ ਮੰਤਰੀ ਮਾਨ ਖਰੜ ਵਿਖੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਜਿਥੇ ਸਿਹਤ ਸਹੂਲਤਾਵਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਉਹਨਾਂ ਨੇ ਵਿਰੋਧੀਆਂ ‘ਤੇ ਵੀ ਸ਼ਬਦੀ ਵਾਰ ਕੀਤੇ।