ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਦਿੱਲੀ ਪੁਲਿਸ ਭਾਰਤ ਲੈਕੇ ਆ ਚੁੱਕੀ ਹੈ। ਦਸ ਦਈਏ ਕਿ ਪਿਛਲੇ ਦਿਨੀਂ ਦੁਬਈ ਪੁਲਿਸ ਨੇ ਸਚਿਨ ਨੂੰ ਅਜ਼ਰਬੈਜਾਨ ਤੋਂ ਗ੍ਰਿਫਤਾਰ ਕੀਤਾ ਸੀ। ਹੁਣ ਉਸ ਨੂੰ ਵਿਦੇਸ਼ ਤੋਂ ਭਾਰਤ ਲਿਆਂਦਾ ਗਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਬੀਤੇ ਦਿਨੀ ਅਜ਼ਰਬੈਜਾਨ ਲਈ ਰਵਾਨਾ ਹੋਈ ਸੀ ਅਤੇ ਅੱਜ ਉਸਨੂੰ ਦਿੱਲੀ ਪੁਲਿਸ ਭਾਰਤ ਲੈਕੇ ਆ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਤੀਜਾ ਹੈ। ਉਹ ਪਿਛਲੇ ਸਾਲ 29 ਮਈ 2022 ਨੂੰ ਮੂਸੇਵਾਲਾ ਦਾ ਕਤਲ ਕਰਕੇ ਫਰਾਰ ਹੋ ਗਿਆ ਸੀ। ਸਚਿਨ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਦੇਸ਼ ਛੱਡ ਕੇ ਭੱਜ ਗਿਆ ਸੀ। ਹਾਲਾਂਕਿ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬਈ ਸਥਿਤ ਦਿੱਲੀ ਦੇ ਇਕ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂ ਗੈਲਨ ਦੱਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੀ ਕਾਲ ਰਿਕਾਰਡਿੰਗ ਵੀ ਸੁਰਖੀਆਂ ਵਿੱਚ ਸੀ। ਸਚਿਨ ਨੂੰ ਇਸ ਮਾਮਲੇ ‘ਚ ਫੜਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਚਿਨ ਦੇ ਦਿੱਲੀ ਆਉਣ ਤੋਂ ਬਾਅਦ ਕਈ ਵੱਡੇ ਮਾਮਲਿਆ ਨੂੰ ਸੁਲਝਾਇਆ ਜਾਵੇਗਾ। ਹਾਲ ਹੀ ‘ਚ ਦਿੱਲੀ ਸਮੇਤ ਹੋਰ ਸੂਬਿਆਂ ‘ਚ ਲਾਰੈਂਸ ਦੇ ਨਾਂ ‘ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਇਸ ‘ਚ ਸਚਿਨ ਦੀ ਭੂਮਿਕਾ ਸਾਹਮਣੇ ਆਈ ਹੈ। ਗੈਂਗਸਟਰ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗਸਟਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਮਾਮਲੇ ‘ਚ ਪੁਲਿਸ ਨੇ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਸਚਿਨ ਨੇ ਕੈਨੇਡਾ ‘ਚ ਗੈਂਗ ਚਲਾਉਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਤਿਹਾੜ ਜੇਲ੍ਹ ‘ਚ ਬੰਦ ਕਾਲਾ ਜਠੇੜੀ ਅਤੇ ਲਾਰੈਂਸ ਬਿਸ਼ਨੋਈ ਨਾਲ ਕੋਡ ਵਰਗ ਵਿਚ ਗੱਲਬਾਤ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੂੰ ਬਹੁਤਾ ਸ਼ੱਕ ਨਾ ਹੋਵੇ, ਇਸ ਲਈ ਸਚਿਨ ਫੋਨ ‘ਤੇ ਗੱਲ ਕਰਦੇ ਹੋਏ ਗੈਂਗਸਟਰ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਬੁਲਾਉਂਦੇ ਸਨ। ਇਸੇ ਤਰ੍ਹਾਂ ਉਹ ਗੈਂਗਸਟਰ ਕਾਲਾ ਜਠੇੜੀ ਨੂੰ ‘ਅਲਫਾ’ ਕਹਿ ਕੇ ਬੁਲਾਉਂਦੇ ਸਨ। ਉਹ ਆਪਣੇ ਗੁਰਗਿਆਂ ਰਾਹੀਂ ਲਾਰੈਂਸ ਨਾਲ ਗੱਲਾਂ ਕਰਦਾ ਸੀ। ਪੰਜਾਬ ਅਤੇ ਦਿੱਲੀ ਪੁਲਿਸ ਨੂੰ ਗੁੰਮਰਾਹ ਕਰਨ ਲਈ ਸਚਿਨ ਨੇ ਖੁਦ ਹੀ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲਾਈ ਕਿ ਉਸ ਨੇ ਖੁਦ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਅਜਿਹਾ ਪੰਜਾਬ ਅਤੇ ਦਿੱਲੀ ਪੁਲਿਸ ਨੂੰ ਉਲਝਾਉਣ ਲਈ ਕੀਤਾ ਸੀ, ਜਦਕਿ ਉਹ ਇਸ ਕਤਲੇਆਮ ਤੋਂ ਪਹਿਲਾਂ 21 ਅਪ੍ਰੈਲ 2022 ਨੂੰ ਵਿਦੇਸ਼ ਭੱਜ ਗਿਆ ਸੀ।