ਕੋਈ ਪੁੱਤ ਦੇ ਸੱਥਰ ‘ਤੋਂ ਉੱਠ ਕੇ ਲੀਡਰ ਨਹੀਂ ਬਣ ਸਕਦਾ ਪਰ ਜੇਕਰ ਪੁੱਤ ਲਈ ਇਨਸਾਫ ਲਈ ਉਨ੍ਹਾਂ ਨੂੰ ਸਿਆਸਤਦਾਨ ਵੀ ਬਣਨਾ ਪਿਆ ਤਾਂ ਉਹ ਝਿਜਕਾਗਾਂ ਨਹੀਂ, ਇਹ ਕਹਿਣਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਜਿੰਨਾ ਨੇ ਆਉਣ ਵਾਲੇ ਸਮੇਂ ਵਿਚ ਸਿਆਸਤ ’ਚ ਐਂਟਰੀ ਕਰਨ ਦੇ ਸੰਕੇਤ ਦਿੱਤੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਪਿੰਡ ਮੂਸਾ ਵਿਚ ਸੰਬੋਧਨ ਕਰਦਿਆਂ ਸਿਆਸਤ ਵਿਚ ਆਉਣ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਕੋਈ ਪੁੱਤ ਦੇ ਸੱਥਰ ‘ਤੋਂ ਉੱਠ ਕੇ ਲੀਡਰ ਨਹੀਂ ਬਣ ਸਕਦਾ ਪਰ ਜੇਕਰ ਪੁੱਤ ਲਈ ਇਨਸਾਫ ਲਈ ਉਨ੍ਹਾਂ ਨੂੰ ਸਿਆਸਤਦਾਨ ਵੀ ਬਣਨਾ ਪਿਆ ਤਾਂ ਉਹ ਝਿਜਕਣਗੇ ਨਹੀਂ।
ਬਲਕੌਰ ਸਿੰਘ ਨੇ ਕਿਹਾ ਕਿ ਗੁੰਮਰਾਹ ਹੋਏ ਗੈਂਗਸਟਰਾਂ ਕਰਕੇ ਇਕ ਸਿੱਧੂ ਚਲਾ ਗਿਆ ਹੈ ਪਰ ਉਹ ਨਹੀਂ ਚਾਹੁੰਦੇ ਕਿ ਪੰਜਾਬ ਵਿਚ ਹੋਰ ਕਿਸੇ ਮਾਂ ਦਾ ਪੁੱਤ ਅਣਆਈ ਮੌਤ ਮਰੇ। ਲੋਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ ਮਾਨਸਾ ਪੁਲਸ ਵਲੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਕਿਹਾ ਹੈ ਕਿ ਉਸ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਝਗੜਾ ਨਹੀਂ ਸੀ, ਸਿਰਫ ਸਟੇਜੀ ਰੌਲਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਥੋੜ੍ਹੇ ਸਮੇਂ ਵਿਚ ਸਿੱਧੂ ਮੂਸੇਵਾਲਾ ਵੱਲੋਂ ਪ੍ਰਾਪਤ ਕੀਤੀ ਗਈ ਬੁਲੰਦੀ ਕਾਰਨ ਬੱਬੂ ਮਾਨ ਸਣੇ ਕਈ ਵੱਡੇ ਗਾਇਕ ਉਸ ਤੋਂ ਖਾਰ ਖਾਣ ਲੱਗੇ ਸਨ। ਬਲਕੌਰ ਸਿੰਘ ਨੇ ਦੱਸਿਆ ਕਿ ਦਿੜ੍ਹਬਾ ਵਿਚ ਇਕ ਸ਼ੋਅ ਦੌਰਾਨ ਦੋਹਾਂ ਵਿਚਾਲੇ ਸਮੱਸਿਆ ਸ਼ੁਰੂ ਹੋਈ ਸੀ।
ਉਨ੍ਹਾਂ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਉਹ ਖੁਦ ਸ਼ੁਭਦੀਪ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਅਫਸੋਸ ਕਰ ਕੇ ਆਏ ਸਨ ਪਰ ਮਿੱਡੂਖੇੜਾ ਦੇ ਘਰ ਦਾ ਕੋਈ ਵੀ ਜੀਅ ਹੁਣ ਤੱਕ ਉਨ੍ਹਾਂ ਕੋਲ ਦੁੱਖ ਪ੍ਰਗਟ ਕਰਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਕੋਲ ਕੀਤੀਆਂ ਗਈਆਂ ਝੂਠੀਆਂ ਸ਼ਿਕਾਇਤਾਂ ਕਰਕੇ ਹੀ ਸ਼ੁਭਦੀਪ ਸਿੰਘ ਦੀ ਜਾਨ ਗਈ ਹੈ।