ਤੁਰਕੀ ਅਤੇ ਸੀਰੀਆ ਵਿੱਚ ਹਾਲ ਹੀ ‘ਚ ਆਏ 7.8 ਤੀਬਰਤਾ ਵਾਲੇ ਭੂਚਾਲ ਨੇ ਮਿੰਟਾਂ ‘ਚ ਸਾਰਾ ਕੁਝ ਤਬਾਹ ਕਰ ਦਿੱਤਾ ਹੈ। ਇਸ ਘਟਨਾ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਅਤੇ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਹੁਣ ਤੱਕ 8000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ ਇਕ ਅਜਿਹੀ ਤਸਵੀਰ ਸਾਹਮਣੇ ਆਈ ਜੋ ਤੁਹਾਨੂੰ ਝਿੰਜੋੜ ਕੇ ਰੱਖ ਦੇਵੇਗੀ।
ਜਦੋਂ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਪਹੁੰਚੀਆਂ, ਤਾਂ ਸੋਸ਼ਲ ਮੀਡੀਆ ‘ਤੇ ਇਕ ਲੜਕੀ ਦੀ ਆਪਣੇ ਛੋਟੇ ਭਰਾ ਨੂੰ ਬਚਾਉਣ ਦੀ ਚਲਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸੱਤ ਸਾਲ ਦੀ ਬੱਚੀ ਅਤੇ ਉਸਦੇ ਭਰਾ ਦੀ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਭੂਚਾਲ ਦੇ ਮਲਬੇ ਦੇ ਅੰਦਰ ਇਹ ਬੱਚੀ ਬਿਨਾਂ ਕਿਸੇ ਡਰ ਦੇ ਆਪਣੇ ਭਰਾ ਦੀ ਰੱਖਿਆ ਕਰਦੀ ਰਹੀ। ਉਸ ਦੀ ਪਿੱਠ ਦੇ ਬਿਲਕੁਲ ਉੱਪਰ ਪੱਥਰ ਸੀ ਪਰ ਉਹ ਆਪਣੇ ਪਿਆਰੇ ਭਰਾ ਨੂੰ ਸੱਟ ਨਹੀਂ ਲੱਗਣ ਦੇਣਾ ਚਾਹੁੰਦੀ ਸੀ। ਇਸ ਤਸਵੀਰ ਨੂੰ ਟਵੀਟ ਕਰਨ ਵਾਲੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਪ੍ਰਤੀਨਿਧੀ ਮੁਹੰਮਦ ਸਫਾ ਨੇ ਇਸ ਬੱਚੇ ਨੂੰ ਉਸ ਦਾ ਭਰਾ ਦੱਸਿਆ ਹੈ।
ਸਫਾ ਨੇ ਲਿਖਿਆ ਕਿ ‘ਇਹ ਸੱਤ ਸਾਲ ਦੀ ਬੱਚੀ ਸਿਰ ‘ਤੇ ਹੱਥ ਰੱਖ ਕੇ ਆਪਣੇ ਛੋਟੇ ਭਰਾ ਦੀ ਰੱਖਿਆ ਕਰ ਰਹੀ ਹੈ, ਜਦੋਂ ਕਿ ਦੋਵੇਂ 17 ਘੰਟਿਆਂ ਤੋਂ ਮਲਬੇ ‘ਚ ਫਸੇ ਹੋਏ ਸਨ। ਇਸ ਤਸਵੀਰ ਨੂੰ ਕਿਸੇ ਨੇ ਵੀ ਸ਼ੇਅਰ ਨਹੀਂ ਕੀਤਾ ਅਤੇ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਹਰ ਕੋਈ ਇਸ ਨੂੰ ਸ਼ੇਅਰ ਕਰ ਰਿਹਾ ਹੁੰਦਾ। ਸਫਾ ਨੇ ਅੰਤ ‘ਚ ਲਿਖਿਆ, ‘ਸਕਾਰਾਤਮਕਤਾ ਨੂੰ ਸਾਂਝਾ ਕਰੋ।’