ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਪਹੁੰਚ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਾਇਆ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਰਾਜਪਾਲ ਦਫ਼ਤਰ ਅਤੇ ਦਿੱਲੀ ਵਿੱਚ ਪੈਂਤੜੇ ਲਾਏ ਗਏ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਹੱਲ ਕਰਨ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਉਹ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਨੂੰ ਸੋਚ ਕੇ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ ਭਾਜਪਾ ‘ਤੇ ਸਿੱਖ ਵਿਰੋਧੀ ਹੋਣ ਦੇ ਲੱਗਦੇ ਇਲਜ਼ਾਮਾਂ ‘ਤੇ ਜਾਖੜ ਨੇ ਕਿਹਾ ਕਿ ਇਹ ਸਿਰਫ਼ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਨਾਲ ਹੀ ਉਹ ਖਾਲਸਾ ਏਡ ਦੇ ਹੱਕ ‘ਚ ਵੀ ਨਿਤਰਦੇ ਹੋਏ ਦਿੱਤੇ ਅਤੇ ਕਿਹਾ ਉਹਨਾਂ ਨੇ ਦੇਸ਼-ਦਰਾਡੇ ਜਿਥੇ ਵੀ ਲੋੜ ਪਈ ਉਥੇ ਪੰਜਾਬੀਅਤ ਨੂੰ ਰਿਫਲੈਕਟ ਕੀਤਾ ਹੈ।
ਸੁਨੀਲ ਜਾਖੜ ਨੇ ਕਿਹਾ- ਉਹ ‘ਆਪ’ ਵਿਧਾਇਕਾਂ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ। ਸਾਡੇ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਭੇਜਿਆ ਹੈ। ਪਰ ਇਹ ਮੌਕਾਪ੍ਰਸਤ ਸੂਬੇ ਦਾ ਕੋਈ ਭਲਾ ਨਹੀਂ ਕਰ ਸਕਦੇ। ਜੇਕਰ ਵਿਧਾਇਕਾਂ ਦੇ ਹਲਫਨਾਮਿਆਂ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ ‘ਚੋਂ ਬਹੁਤ ਸਾਰੇ ਅਜਿਹੇ ਪਾਏ ਜਾਣਗੇ ਜਿਨ੍ਹਾਂ ‘ਤੇ ਕਰਜ਼ਾ ਸੀ। ਜਿਹੜੇ ਲੋਕ ਆਪਣੇ ਆਪ ਨੂੰ ਸਧਾਰਨ ਕਹਿੰਦੇ ਸਨ, ਅੱਜ ਉਨ੍ਹਾਂ ਕੋਲ ਲੰਬੀਆਂ ਕਾਰਾਂ ਹਨ, ਰੋਲਸੈਕਸ ਘੜੀਆਂ ਪਹਿਨਦੇ ਹਨ ਅਤੇ 40,000 ਰੁਪਏ ਦੇ ਬੂਟ ਪਹਿਨਦੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ, ਜੋ INDIA ਸਮਝੌਤੇ ਦੇ ਖਿਲਾਫ ਸੂਬੇ ਵਿੱਚ ਰੌਲਾ ਪਾ ਰਹੇ ਹਨ, ਦਿੱਲੀ ਜਾ ਕੇ ਪਹਿਲਾਂ ਹੀ ਝੁਕ ਗਏ ਹਨ। ਕੁਝ ਹੀ ਦਿਨਾਂ ‘ਚ ਸਾਰਿਆਂ ਨੂੰ ਉਸ ਬਾਰੇ ਪਤਾ ਲੱਗ ਜਾਵੇਗਾ। ਇਨ੍ਹਾਂ ਵੱਡੇ ਨੇਤਾਵਾਂ ਨੇ ਪਹਿਲਾਂ ਹੀ ਆਪਣੇ ਪਰਿਵਾਰਾਂ ਲਈ ਐਮਪੀ ਟਿਕਟਾਂ ਮੰਗ ਲਈਆਂ ਹਨ । ਆਉਣ ਵਾਲਾ ਸਮਾਂ ਸਭ ਕੁਝ ਸਾਫ਼ ਕਰ ਦੇਵੇਗਾ।
ਜਾਖੜ ਨੇ ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ ‘ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜਾਖੜ ਨੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਫੈਸਲਾ ਦਿੱਲੀ ਵਾਸੀਆਂ ਨੇ ਲੈਣਾ ਹੈ, ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਭਾਜਪਾ ਨੂੰ ਹਰ ਘਰ ਤੱਕ ਪਹੁੰਚਣ ਲਈ ਕਿਹਾ ਗਿਆ ਹੈ, ਉਹ ਇਸ ਵਿੱਚ ਲੱਗੇ ਹੋਏ ਹਨ।