ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਵਲੋਂ ਇਕ ਵੱਡੀ ਰਾਹਤ ਦਿੱਤੀ ਗਈ ਹੈ। ਦਸ ਦਈਏ ਕਿ ਕੋਰਟ ਨੇ ਵੀਰਵਾਰ ਨੂੰ ਵਿਧਾਇਕ ਸੁਖਪਾਲ ਖਹਿਰਾ ਖਿਲਾਫ਼ 2017 ’ਚ ਫ਼ਾਜ਼ਿਲਕਾ ਦੀ ਅਦਾਲਤ ‘ਚ ਚੱਲ ਰਹੇ ਐਨਡੀਪੀਐਸ ਐਕਟ ਦੇ ਮੁਕੱਦਮੇ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸੀ ਆਗੂ ਅਤੇ ਵਿਧਾਇਕ ਖਹਿਰਾ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਕਾਂਗਰਸੀ ਆਗੂ ਨੇ ਟਵੀਟ ਕਰਕੇ ਅਦਾਲਤੀ ਹੁਕਮਾਂ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਵੀ ਰਿਣੀ ਰਹਿਣਗੇ। ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ ਫਾਜਿਲਕਾ ਵਿਖੇ 2017 ਵਿੱਚ ਦਰਜ ਝੂਠੇ ਕੇਸ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਹੁਕਮ ਪਿੱਛੋਂ ਈਡੀ ਕੇਸ ਵੀ ਡਿੱਗ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਸ ਉਨ੍ਹਾਂ ਵਿਰੁੱਧ ਇੱਕ ਖਤਰਨਾਕ ਅਤੇ ਕੋਝੀ ਬਦਨਾਮ ਕਰਨ ਦੀ ਸਾਜਿਸ਼ ਸੀ। ਇਹ ਮੇਰੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਉਨ੍ਹਾਂ ਸਾਰੇ ਨੇਤਾਵਾਂ ‘ਤੇ ਇੱਕ ਤਿੱਖਾ ਚਪੇੜ ਹੈ ਜਿਨ੍ਹਾਂ ਨੇ ਮੈਨੂੰ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਮੈਨੂੰ ਪੰਜਾਬ ਦੇ ਸਿਆਸੀ ਘੇਰੇ ਤੋਂ ਸਰੀਰਕ ਤੌਰ ‘ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ।