ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀਆਂ ਖ਼ਬਰਾਂ ਨੇ ਇੱਕ ਵਾਰ ਫਿਰ ਤੋਂ ਸੁਰਖੀਆਂ ਬਟੋਰਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਖ਼ਬਰਾਂ ਮੁਤਾਬਕ ਸਿੱਧੂ ਨੂੰ ਅਗਲੇ ਸਾਲ ਯਾਨੀ ਕਿ 26 ਜਨਵਰੀ 2023 ਗਣਤੰਤਰ ਦਿਹਾੜੇ ਮੌਕੇ ਰਿਹਾਅ ਕੀਤਾ ਜਾ ਸਕਦਾ ਹੈ। ਇਸ ਗੱਲ ’ਤੇ ਲਗਭਗ ਮੋਹਰ ਲੱਗ ਹੀ ਚੁੱਕੀ ਹੈ ਜਿਸਨੂੰ ਲੈਕੇ ਕਾਂਗਰਸੀ ਵਰਕਰਾਂ ਵਿਚ ਕਾਫੀ ਖ਼ੁਸ਼ੀ ਪਾਈ ਜਾ ਰਹੀ ਹੈ। ਇਸੇ ਦਰਮਿਆਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵਲੋਂ ਇਕ ਟਵੀਟ ਜਾਰੀ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈਕੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਹੈ। ਆਪਣੇ ਟਵੀਟ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ 26 ਜਨਵਰੀ ਨੂੰ ਨਵਜੋਤ ਸਿੱਧੂ ਦੀ ਹੋਣ ਵਾਲੀ ਰਿਹਾਈ ਵਾਲੇ ਪ੍ਰਸਤਾਵ ਦਾ ਮੈਂ ਸੁਆਗਤ ਕਰਦਾ ਹਾਂ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਸੁਣਾਈ ਗਈ ਸਜ਼ਾ ਨਾ ਸਿਰਫ਼ ਦੁਰਲੱਭ ਤੋਂ ਦੁਰਲੱਭ ਸੀ, ਸਗੋਂ ਕਾਨੂੰਨੀ ਤੌਰ ‘ਤੇ ਬਹੁਤ ਅਣਸੁਣੀ ਸੀ ਪਰ ਫਿਰ ਵੀ ਉਸ ਨੂੰ ਕੈਦ ਕੱਟਣੀ ਪਈ। ਉਹ ਕਹਿੰਦੇ ਹਨ, “100 ਦੋਸ਼ੀਆਂ ਨੂੰ ਛੱਡ ਦਿਓ, ਇਕ ਵੀ ਬੇਕਸੂਰ ਨੂੰ ਗਲਤ ਸਜ਼ਾ ਨਾ ਦਿੱਤੀ ਜਾਵੇ”।
ਦਰਅਸਲ, ਸੂਬੇ ਦੇ ਜੇਲ੍ਹ ਮਹਿਕਮੇ ਵੱਲੋਂ 26 ਜਨਵਰੀ, ਗਣਤੰਤਰ ਦਿਵਸ ਦੇ ਮੌਕੇ ’ਤੇ ਰਿਹਾਅ ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ’ਚ ਸਿੱਧੂ ਦਾ ਨਾਂ ਸ਼ਾਮਲ ਹੈ। ਜੇਲ੍ਹ ਵਿਭਾਗ ਨੇ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਸਮੀਖਿਆ ਲਈ ਵਿਭਾਗ ਦੀ ਪ੍ਰਮੁੱਖ ਸਕੱਤਰ ਮੈਡਮ ਅਵਨੀਤ ਕੌਰ ਨੂੰ ਭੇਜੀ ਹੈ, ਜਿੱਥੋਂ ਇਸ ਨੂੰ ਮੁੱਖ ਮੰਤਰੀ ਅਤੇ ਫਿਰ ਸੂਬੇ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਣਾ ਹੈ। ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਦੀ ਨੀਤੀ ਅਨੁਸਾਰ ਹੀ ਸਿੱਧੂ ਦਾ ਨਾਂ ਗਣਤੰਤਰ ਦਿਵਸ ’ਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਪ੍ਰਸਤਾਵਿਤ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ ਅਤੇ ਜੇਲ੍ਹ ਮਹਿਕਮੇ ਵੱਲੋਂ ਸਿੱਧੂ ਦੇ ਚੰਗੇ ਵਿਵਹਾਰ ਦੀ ਰਿਪੋਰਟ ਵੀ ਦਿੱਤੀ ਗਈ ਹੈ।
ਇਥੇ ਦਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਡ ਰੇਜ ਮਾਮਲੇ ਦੇ ਵਿਚ 1 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਸਿੱਧੂ ਨੇ 2022 ਦੇ ਮਈ ਮਹੀਨੇ ਵਿਚ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਉਦੋਂ ਤੋਂ ਉਹ ਪਟਿਆਲਾ ਜੇਲ੍ਹ ਵਿਚ ਬੰਦ ਹਨ ਪਰ ਹੁਣ ਉਹਨਾਂ ਦੀ ਰਿਹਾਈ ਨੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦਾ ਜੋਸ਼ ਭਰ ਦਿੱਤਾ ਅਤੇ ਇਹ ਵੀ ਖ਼ਬਰਾਂ ਨੇ ਕਿ ਜੇਲ੍ਹ ਤੋਂ ਬਾਹਰ ਆਕੇ ਕਾਂਗਰਸ ਹਾਈਕਮਾਂਡ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਵੀ ਸੋਂਪ ਸਕਦੀ ਹੈ।