ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾਮੁਕਤੀ ਤੋਂ ਬਾਅਦ ਪਹਿਲਾ ਬਿਆਨ ਦੇਕੇ ਨਵੀਂ ਚਰਚਾ ਛੇੜ ਦਿਤੀ ਹੈ। ਉਹਨਾਂ ਕਿਹਾ ਕਿ ਰਾਜਨੀਤੀ ਕਦੇ ਭਾਰੂ ਨਹੀਂ ਹੋਣੀ ਚਾਹੀਦੀ, ਧਰਮ ਭਾਰੂ ਹੋਣਾ ਚਾਹੀਦਾ ਹੈ। ਮੈਂ ਕਿਹਾ ਸੀ ਜਦੋਂ ਮੇਰੇ ‘ਤੇ ਪ੍ਰੈਸ਼ਰ ਪਾਇਆ ਗਿਆ ਮੈਂ ਘਰ ਚਲਾ ਜਾਵਾਂਗਾ, ਮੈਂ ਚਲਾ ਗਿਆ ਹਾਂ ਘਰ। ਹਾਲਾਂਕਿ ਇਹ ਬਿਆਨ ਉਹਨਾਂ ਹੱਸਦੇ ਹੋਏ ਦਿੱਤਾ ਹੈ ਪਰ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਇਸਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਆਪਣੀ ਇੱਛਾ ਨਾਲ ਸੇਵਾ ਮੁਕਤ ਹੋਣ ਦੀ ਪੇਸ਼ਕਸ਼ ਕੀਤੀ। ਉਹਨਾਂ ਕਿਹਾ ਕਿ ਜਦੋਂ ਮੈਂ ਵਿਦੇਸ਼ ਗਿਆ ਸੀ ਤਾਂ ਮੁੱਖ ਸਕੱਤਰ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਸੇਵਾ ਤੋਂ ਮੁਕਤ ਹੋਣਾ ਚਾਹੁੰਦੇ ਹਨ ਅਤੇ ਜੇਕਰ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ ਦੋਵੇ ਤਖ਼ਤਾਂ ਦੀ ਸੇਵਾ ਵਾਪਸ ਲੈ ਲਵੇ। ਇਸ ਤੋਂ ਬਾਅਦ ਜਥੇਦਾਰ ਨੇ ਕਿਹਾ ਕਿ ਮੈਂ ਆਪਣੀ ਇੱਛਾ ਮੁਤਾਬਕ ਹੀ ਅਸਤੀਫ਼ਾ ਦਿੱਤਾ ਹੈ। ਮੈਂ ਆਸਟਰੇਲੀਆ ਜਾਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਦੋਵੇਂ ਤਖ਼ਤਾ ਤੋਂ ਸੇਵਾਮੁਕਤ ਕਰਨ ਲਈ ਕਿਹਾ ਸੀ, ਪਰ ਸ਼੍ਰੋਮਣੀ ਕਮੇਟੀ ਨੇ ਮੇਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਜਾਰੀ ਰੱਖੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਵੀ ਇਹੀ ਚਾਹੁੰਦਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਕਾ ਜਥੇਦਾਰ ਮਿਲੇ। ਪੌਣੇ ਪੰਜ ਸਾਲਾਂ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਕਰ ਰਿਹਾ ਹਾਂ ਨਾਲ ਮੈਨੂੰ ਬਤੌਰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿੰਮੇਵਾਰੀ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਬੇਦਾਗ ਹੋ ਕਿ ਸੇਵਾਮੁਕਤ ਹੋਇਆ ਹਾਂ। ਮੈਨੂੰ ਅਹੁਦਿਆਂ ਦਾ ਕੋਈ ਲਾਲਚ ਨਹੀਂ ਹੈ, ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤਾਂ ਮੇਰੇ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵੀ ਲੈ ਸਕਦੀ ਹੈ, ਮੈਨੂੰ ਇਸ ਵਿੱਚ ਵੀ ਖੁਸ਼ੀ ਹੋਵੇਗੀ ਅਤੇ ਮੈਂ ਤਾਂ ਵੀ ਕੌਮ ਦੀ ਸੇਵਾ ਕਰਦਾ ਰਹਾਂਗਾ।
ਉਥੇ ਹੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਉਨ੍ਹਾਂ ਬਾਰੇ ਪਿਛਲੇ ਕੁਝ ਦਿਨਾਂ ਤੋਂ ਕੀਤੀਆਂ ਟਿੱਪਣੀਆਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਆਖਾਂਗਾ ਕਿ ਵਲਟੋਹਾ ਵਿਚ ਜ਼ਿਆਦਾ ਹਿੰਮਤ ਹੈ, ਉਸ ਨੂੰ ਜਥੇਦਾਰ ਥਾਪ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਵਲਟੋਹਾ ਦੀ ਟਿੱਪਣੀ ਆਈ ਸੀ ਕਿ ਜਥੇਦਾਰ ਨੂੰ ਦਲੇਰ ਤੇ ਹਿੰਮਤ ਵਾਲਾ ਹੋਣਾ ਚਾਹੀਦਾ ਹੈ, ਵਲਟੋਹਾ ਵਿਚ ਹਿੰਮਤ ਤੇ ਦਲੇਰੀ ਜ਼ਿਆਦਾ ਹੈ, ਇਸ ਲਈ ਮੈਂ ਸ਼੍ਰੋਮਣੀ ਕਮੇਟੀ ਨੂੰ ਆਖਾਂਗਾ ਕਿ ਉਸ (ਵਲਟੋਹਾ) ਨੂੰ ਅਕਾਲ ਤਖਤ ਸਾਹਿਬ ਦੀ ਬਤੌਰ ਸੇਵਾ ਸੌਂਪ ਦੇਵੇ।