ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਨਜ਼ਦੀਕ ਬਣੀ ਹੈਰੀਟੇਜ ਸਟਰੀਟ ‘ਚ ਇਕ ਵਾਰ ਫੇਰ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕਾ ਸਵੇਰ ਦਾ ਸਮੇਂ ਹੋਇਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਇਸੇ ਥਾਂ ‘ਤੇ ਧਮਾਕਾ ਹੋਇਆ ਸੀ ਅਤੇ ਕਿਹਾ ਗਿਆ ਸੀ ਕਿ ਰੈਸਟੋਰੈਂਟ ‘ਚ ਚਿਮਨੀ ਫਟਣ ਕਾਰਨ ਧਮਾਕਾ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਅੱਜ ਜੋ ਇਹ ਧਮਾਕਾ ਹੋਇਆ ਹੈ ਇਹ ਵੀ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਬਲਾਸਟ ਦੀ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਾ ਸਕੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰੀ ਹੋਈ ਹੈ। ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਮੈਟਲ ਡਿਟੈਕਟਰ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰ ਕਰ ਦਈਏ ਕਿ ਹੈਰੀਟੇਜ ਸਟਰੀਟ ‘ਤੇ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ ਸੀ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ। ਇਹ ਸ਼ੀਸ਼ਾ 5 ਤੋਂ 6 ਸ਼ਰਧਾਲੂਆਂ ‘ਤੇ ਵੱਜਿਆ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਜਾਂਚ ‘ਚ ਪੁਲਿਸ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਸੀ, ਇਹ ਹਾਦਸਾ ਸੀ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ।