ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਹਰ ਧਰਮ, ਜਾਤੀ ਦੇ ਵਿਅਕਤੀ ਨੂੰ ਨਤਮਸਤਕ ਹੋਣ ਦਾ ਅਧਿਕਾਰ ਹੈ। ਪਰ ਹੁਣ ਹਰਿਮੰਦਰ ਸਾਹਿਬ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਦਰਅਸਲ, ਇਕ ਹਰਿਆਣਵੀ ਲੜਕੀ ਦੇ ਮੂੰਹ ‘ਤੇ ਤਿਰੰਗਾ ਲਗਾਕੇ ਪਹੁੰਚਣ ‘ਤੇ ਇਕ ਸੇਵਾਦਾਰ ਨੇ ਉਸ ਨੂੰ ਮੱਥਾ ਟੇਕਣ ਤੋਂ ਰੋਕ ਦਿੱਤਾ। ਉਸ ਨੇ ਲੜਕੀ ਨੂੰ ਅੰਦਰ ਨਹੀਂ ਜਾਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰੋਕਣ ਵਾਲਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਕ ਪਾਸੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਸੇ ਵੀ ਤਰ੍ਹਾਂ ਦੀ ਗਲਤ ਵਿਵਹਾਰ ਲਈ ਮੁਆਫੀ ਮੰਗੀ ਹੈ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਤੇ ਵੀ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਟਿੱਪਣੀ ਕਰਨ ਵਾਲਿਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੇਸ਼ ਦੀ ਆਜ਼ਾਦੀ ਲਈ 100 ਵਿੱਚੋਂ 90 ਕੁਰਬਾਨੀਆਂ ਸਿੱਖਾਂ ਨੇ ਤਿਰੰਗੇ ਲਈ ਦਿੱਤੀਆਂ ਹਨ। ਸਿੱਖਾਂ ਨੇ ਹੀ ਦੁਨੀਆਂ ਵਿੱਚ ਤਿਰੰਗੇ ਦੀ ਸ਼ਾਨ ਵਧਾਈ ਹੈ।