ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਵਿਵਾਦ ਸੁਲਝਣ ਦੀ ਬਜਾਏ ਉਲਝਦਾ ਹੀ ਜਾ ਰਿਹਾ ਹੈ। ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਟਨਾ ਸਾਹਿਬ ਦੀ ਕਮੇਟੀ ਨੂੰ ਤਲਬ ਕਰਦਿਆਂ ਜਿੱਥੇ ਧਾਰਮਿਕ ਸੇਵਾ ਲਾਈ ਗਈ ਸੀ, ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਪਟਨਾ ਸਾਹਿਬ ਕਮੇਟੀ ‘ਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਤੰਬਾਕੂ ਦਾ ਸੇਵਨ ਕਰਨ ਦੀ ਵੀ ਸਖਤ ਸ਼ਬਦਾਂ ‘ਚ ਮਨਾਹੀ ਕੀਤੀ ਸੀ। ਇਨ੍ਹਾਂ ਸਭ ਹੁਕਮਾਂ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਮੁੱਢੋਂ ਰੱਦ ਕਰ ਦਿੱਤਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੁਕਮਨਾਮਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਤੁਹਾਡੇ ਫੈਸਲਿਆਂ ਨੂੰ ਰੱਦ ਕਰਦੇ ਹਾਂ। ਪੰਜ ਪਿਆਰਿਆਂ ਵੱਲੋਂ ਭੇਜੇ ਗਏ ਹੁਕਮਨਾਮੇ ’ਚ ਕਿਹਾ ਗਿਆ ਹੈ ਤੁਹਾਡੇ ਵੱਲੋਂ ਲਏ ਗਏ ਫੈਸਲੇ ਨਿਰਪੱਖ ਨਹੀਂ ਹਨ। ਤੁਹਾਡੇ ਫੈਸਲਿਆਂ ਕਰਕੇ ਮਾਹੌਲ ਤਨਾਅਪੂਰਨ ਹੋ ਰਿਹਾ ਹੈ ਅਤੇ ਸਾਡੀ ਮਰਜ਼ੀ ਦੇ ਬਿਨਾਂ ਇੱਥੇ ਕੋਈ ਦਖ਼ਲ ਨਹੀਂ ਦੇ ਸਕਦਾ। ਕਿਸੇ ਵੀ ਤਖ਼ਤ ਸਾਹਿਬ ਵੱਲੋਂ ਲਿਆ ਗਿਆ ਫੈਸਲਾ ਪਟਨਾ ਸਾਹਿਬ ’ਤੇ ਲਾਗੂ ਨਹੀਂ ਹੋ ਸਕਦਾ।ਇਸ ਦੇ ਨਾਲ ਹੀ ਪੰਜ ਪਿਆਰੇ ਸਿੰਘ ਸਾਹਿਬਾਨ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ 2 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਜਾਂ ਕਿਸੇ ਨਿਜੀ ਸਹਾਇਕ ਰਾਹੀਂ ਆਪਣਾ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਤੁਸੀਂ ਅੱਗੇ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਕਿਸੇ ਪ੍ਰਕਾਰ ਦੇ ਫੈਸਲੇ ਵਿਚ ਕੋਈ ਵੀ ਆਦੇਸ਼ ਜਾਰੀ ਨਹੀਂ ਕਰੋਗੇ, ਜਿਕਰ ਕਰਦੇ ਹੋ ਤਾਂ ਉਹ ਮਨਣਯੋਗ ਨਹੀਂ ਹੋਵੇਗਾ।
ਗੌਰਤਲਬ ਹੈ ਕਿ ਗਿਆਨੀ ਇਕਬਾਲ ਸਿੰਘ ਤਨਖਾਹੀਆਂ ਕਰਾਰ ਹੋਣ ਦੇ ਬਾਵਜੂਦ ਤਖ਼ਤ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਤੇ ਉਨ੍ਹਾਂ ਦਾ ਇੱਕ ਧੜਾ ਲਗਾਤਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਕਰ ਰਿਹਾ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਕਿ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਕੁਝ ਕਰਮਚਾਰੀਆਂ ਤੇ ਹੋਰਨਾਂ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਇਸ ਸਬੰਧ ਵਿੱਚ ਰੋਸ ਵਿਖਾਵਾ ਕੀਤਾ ਗਿਆ ਤੇ ਪੁਤਲਾ ਸਾੜਿਆ ਗਿਆ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਿਆਨੀ ਇਕਬਾਲ ਸਿੰਘ ਨੂੰ ਪਟਨਾ ਸਾਹਿਬ ਦੀ ਸੇਵਾ ਦਿੱਤੀ ਜਾਵੇ ਪਰ ਇਸ ਸਭ ਵਿੱਚ ਅੱਜ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਦਿੱਤੀ ਗਈ ਚੁਣੌਤੀ ਪੰਥਕ ਗਲਿਆਰਿਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।