ਲੁਧਿਆਣਾ: ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਵਾਲਿਆਂ ‘ਤੇ ਲੁਧਿਆਣਾ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਵੱਡੀ ਕਾਰਵਾਈ ਕੀਤੀ ਹੈ। ਦਸ ਦਈਏ ਕਿ ਲੁਧਿਆਣਾ ਪੁਲਿਸ ਨੇ ਇੱਕ ਦਿਨ ‘ਚ 44 ਮੁਕੱਦਮੇ ਦਰਜ ਕਰਕੇ 82 ਲੋਕਾਂ ਨੂੰ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਸਾਰੇ ਆਪਣੇ ਵਾਹਨ ਸੜਕ ਕਿਨਾਰੇ ਖੜ੍ਹੇ ਕਰਕੇ ਸ਼ਰਾਬ ਪੀ ਰਹੇ ਸਨ। ਇਸ ਦੇ ਇਲਾਵਾ ਪੁਲਿਸ ਨੇ ਢਾਬਿਆਂ ਦੇ ਮਾਲਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਰੋਸਣ ਅਤੇ ਖੁੱਲ੍ਹੇ ਵਿੱਚ ਸ਼ਰਾਬ ਪੀਣ ਲਈ ਪ੍ਰੇਰਿਤ ਕਰਨ ਦੇ ਦੋਸ਼ ਵਿੱਚ ਵੀ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਵੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਖੁੱਲ੍ਹੇ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਹਨ। ਔਰਤਾਂ ਨੇ ਦੋਸ਼ ਲਾਇਆ ਕਿ ਕੁਝ ਦੁਕਾਨਦਾਰ ਅਜਿਹੇ ਲੋਕਾਂ ਨੂੰ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਵਿੱਚ ਖਾਣ-ਪੀਣ ਦਾ ਸਮਾਨ ਦੇ ਕੇ ਸ਼ਰਾਬ ਪੀਣ ਲਈ ਉਕਸਾਉਂਦੇ ਹਨ। ਇਹ ਲੋਕ ਔਰਤਾਂ ‘ਤੇ ਭੱਦੀਆਂ ਟਿੱਪਣੀਆਂ ਵੀ ਕਰਦੇ ਹਨ ਅਤੇ ਕਈ ਵਾਰ ਲੜਾਈ ਵੀ ਕਰਦੇ ਹਨ। ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਜ਼ੋਨ ਪੱਧਰ ‘ਤੇ ਵਿਸ਼ੇਸ਼ ਟੀਮਾਂ ਬਣਾ ਕੇ ਰਾਤ 8 ਵਜੇ ਤੋਂ 11 ਵਜੇ ਤੱਕ ਛਾਪੇਮਾਰੀ ਕੀਤੀ। ਪੁਲੀਸ ਨੇ ਫਿਰੋਜ਼ ਗਾਂਧੀ ਮਾਰਕੀਟ, ਸਾਊਥ ਸਿਟੀ, ਰਾਜਗੁਰੂ ਨਗਰ ਮਾਰਕੀਟ, ਰਿਸ਼ੀ ਨਗਰ ਮਾਰਕੀਟ, ਭਾਈ ਰਣਧੀਰ ਸਿੰਘ ਨਗਰ ਮਾਰਕੀਟ, ਮਾਡਲ ਟਾਊਨ ਮਾਰਕੀਟ, ਪੱਖੋਵਾਲ ਰੋਡ, ਚੰਡੀਗੜ੍ਹ ਰੋਡ ਸੈਕਟਰ 32 ਮਾਰਕੀਟ, ਗੋਲ ਮਾਰਕੀਟ ਮੋਤੀ ਨਗਰ, ਜਲੰਧਰ ਬਾਈਪਾਸ ਚੌਕ, ਫੂਲ ਬਾਜ਼ਾਰ, ਚੌਕ ਵਿੱਚ ਛਾਪੇਮਾਰੀ ਕੀਤੀ।
ਦੱਸ ਦੇਈਏ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਡੀ.ਜੀ.ਪੀ. ਪੰਜਾਬ ਨੇ ਜ਼ਿਲਾ ਪੁਲਸ ਮੁਖੀਆਂ ਨੂੰ ਇਕ ਪੱਤਰ 6 ਦਸੰਬਰ ਨੂੰ ਜਾਰੀ ਕੀਤਾ ਹੈ। ਜਿਸ ’ਚ ਇਹ ਹੁਕਮ ਦਿੱਤੇ ਗਏ ਹਨ ਕਿ ਅੱਜ-ਕੱਲ ਵਿਆਹਾਂ ਦਾ ਸੀਜ਼ਨ ਹੈ। ਧੁੰਦ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਮੁਹਿੰਮ ਤਹਿਤ ਮੈਰਿਜ ਪੈਲਿਸਾਂ ਦੇ ਬਾਹਰ ਐਲਕੋ ਮੀਟਰ ਰਾਹੀਂ ਚੈਕਿੰਗ ਕੀਤੀ ਜਾਵੇ। ਇਸ ਮੁਹਿੰਮ ਸਬੰਧੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਸ਼ਰਾਬ ਪੀ ਕੇ ਉਹ ਗੱਡੀ ਨਾ ਚਲਾਉਣ।