ਪੰਜਾਬ ਪੁਲਿਸ ਨੂੰ ਮਾਡਰਨ ਕਰਨ ਦੇ ਮਕਸਦ ਨਾਲ ਮਾਨ ਸਰਕਾਰ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ‘ਚ ਸੜਕ ਸੁਰੱਖਿਆ ਫੋਰਸ (SSF) ਬਣੇਗੀ। ਇਹ ਫੋਰਸ ਸੜਕ ‘ਤੇ ਪੈਟਰੋਲਿੰਗ ਕਰੇਗੀ। ਸੜਕ ਸੁਰੱਖਿਆ ਫੋਰਸ ਨੂੰ ਨਵੀਆਂ ਗੱਡੀਆਂ ਮਿਲਣਗੀਆਂ ਅਤੇ ਉਹਨਾਂ ਗੱਡੀਆਂ ਦੇ ਵੱਖਰੇ-ਵੱਖਰੇ ਰੰਗ ਹੋਣਗੇ। ਇਸ ਦਾ ਮਕਸਦ ਸੜਕ ਹਾਦਸਿਆਂ ਨੂੰ ਰੋਕਣਾ ਹੈ।
ਇਹ ਐਲਾਨ ਸੀ.ਐਮ. ਮਾਨ ਨੇ ਸੰਗਰੂਰ ਪਹੁੰਚਕੇ ਕੀਤਾ ਹੈ। ਉਨ੍ਹਾਂ ਨੇ ਸੰਗਰੂਰ ‘ਚ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਸੀ.ਐਮ. ਮਾਨ ਨੇ ਇਹ ਵੀ ਕਿਹਾ ਕਿ ਲੁਧਿਆਣਾ ਵਿਚ ਡਿਜੀਟਲ ਜੇਲ੍ਹ ਬਣਾਈ ਜਾਏਗੀ। ਇਸ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਇਆ ਮਨਜੂਰ ਕਰਵਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਰਡ ਕੋਰ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਏਗਾ ਤੇ ਉਨ੍ਹਾਂ ਦੀ ਪੇਸ਼ੀ ਲਈ ਵੀ ਉਸੇ ਜੇਲ੍ਹ ਵਿੱਚ ਹੀ ਕੋਰਟ ਬਣਾਈ ਜਾਏਗੀ। ਇਸ ਜੇਲ੍ਹ ਵਿੱਚ ਜੱਜ ਸਾਹਿਬ ਖੁਦ ਜਾਣਗੇ ਤੇ ਅਪਰਾਧੀਆਂ ਦੀ ਪੇਸ਼ੀ ਇਸੇ ਡਿਜੀਟਲ ਜੇਲ੍ਹ ਵਿੱਚ ਬਣੀ ਕੋਰਟ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲਈ 100 ਕਰੋੜ ਰੁਪਇਆ ਅਸੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਨਜ਼ੂਰ ਕਰਾ ਲਿਆ ਹੈ। ਇਸ ਨਾਲ ਹਾਈ ਸਕਿਊਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ, ਜਿੱਥੇ ਗਰਾਉਂਡ ਫਲੋਰ ‘ਤੇ ਕੋਰਟ ਹੋਏਗੀ। ਜਿਹੜੇ ਹਾਰਡ ਕੋਰ ਅਪਰਾਧੀ ਹਨ, ਉਨ੍ਹਾਂ ਨੂੰ ਉੱਥੇ ਰੱਖਿਆ ਜਾਏਗਾ।