ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਇਲਾਕੇ ਵਿੱਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੇ ਸਬੰਧ ਵਿੱਚ ਥਾਣਾ ਲੌਂਗੋਵਾਲ ਦੀ ਪੁਲਿਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਡਿਊਟੀ ਵਿੱਚ ਵਿਘਨ ਪਾਉਣ, ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐਸਐਚਓ ਥਾਣਾ ਲੌਂਗੋਵਾਲ ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਸੁੱਖਾ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ, ਅਮਰ ਸਿੰਘ, ਅਮਰ, ਕੁਲਵਿੰਦਰ, ਭੁਪਿੰਦਰ ਸਿੰਘ, ਰਾਜਪਾਲ, ਪ੍ਰੀਰਥੀ ਸਿੰਘ, ਜੁਝਾਰ, ਹੈਪੀ, ਲਖਬੀਰ, ਕਮਲਜੀਤ, ਬਲਦੇਵ, ਬਾਰਾ ਸਿੰਘ, ਦਰਵਾਰਾ ਸਿੰਘ, ਗੁਰਮੇਲ, ਪੀਟਰ ਰੇਹੜੇ ਦਾ ਅਣਪਛਾਤਾ ਡਰਾਈਵਰ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਉਹਨਾਂ ਨੇ ਆਪਣੇ ਬਿਆਨ ਵਿੱਚ ਲਿਖਿਆ ਹੈ ਕਿ ਕਈ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਸਾਧਨਾਂ ਤੋਂ ਪੁੱਜੇ ਹੋਏ ਸਨ। ਉਦੋਂ ਪੁਲਿਸ ਮੌਕੇ ’ਤੇ ਮੌਜੂਦ ਸੀ। ਇਸ ਦੌਰਾਨ ਕੁਝ ਕਿਸਾਨ ਲੋਕਾਂ ਨੂੰ ਨਾਕਾ ਤੋੜ ਕੇ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਉਕਸਾਉਂਦੇ ਰਹੇ। ਜਿਸ ਤੋਂ ਬਾਅਦ ਟਰੈਕਟਰ-ਟਰਾਲੀ ਨਾਕਾ ਤੋੜ ਕੇ ਪੁਲਿਸ ਮੁਲਾਜ਼ਮਾਂ ਦੇ ਉਪਰੋਂ ਗੱਡੀ ਭਜਾ ਕੇ ਅੱਗੇ ਨਿਕਲ ਗਈ।
ਇਸ ਘਟਨਾ ‘ਚ ਕਈ ਕਰਮਚਾਰੀ ਜ਼ਖਮੀ ਹੋ ਗਏ। ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਕਿਸਾਨ ਦੀ ਮੌਤ ਹੋ ਗਈ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਲਈ ਉਹ ਇਸ ਕਾਰਵਾਈ ਵਿਰੁੱਧ ਪੱਕਾ ਮੋਰਚਾ ਖੋਲ੍ਹ ਰਹੇ ਹਨ।