ਪੰਜਾਬ ਦੇ DGP ਗੌਰਵ ਯਾਦਵ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। DGP ਗੌਰਵ ਯਾਦਵ ਦੇ ਨਾਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੌਨਿਹਾਲ ਸਿੰਘ ਅਤੇ ਕਈ ਹੋਰ ਵੱਡੇ ਪੁਲਿਸ ਅਧਿਕਾਰੀ ਵੀ ਮੌਜੂਦ ਵਿਖਾਈ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਹੈ। ਪੰਜਾਬ ਵਿੱਚ ਪੂਰਨ ਸ਼ਾਂਤੀ ਹੈ। ਜੇਕਰ ਪੰਜਾਬ ਬਾਰੇ ਕੋਈ ਗਲਤਫਹਿਮੀ ਹੈ ਤਾਂ ਦੂਰ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕਾਨੂੰਨ ਨੂੰ ਜਵਾਬਦੇਹ ਹੈ।
ਇਸ ਤੋਂ ਇਲਾਵਾ ਉਹਨਾਂ ਵਲੋਂ ਅਸਿੱਧੇ ਤੌਰ ‘ਤੇ ਅੰਮ੍ਰਿਤਪਾਲ ਸਿੰਘ ਬਾਰੇ ਬਿਆਨ ਜਾਰੀ ਕੀਤਾ ਗਿਆ। ਡੀਜੀਪੀ ਨੇ ਕਿਹਾ ਕਿ ਸ਼ਰਾਰਤੀ ਅਨਸਰ ਨੂੰ ਵਿਦੇਸ਼ੀ ਤਾਕਤਾਂ ਦੀ ਹਿਮਾਇਤ ਹਾਸਲ ਹੈ। ਉਨ੍ਹਾਂ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਪੂਰਨ ਤੌਰ ‘ਤੇ ਸਹਿਯੋਗ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਜਿਹੜੇ ਲੋਕ ਕਾਨੂੰਨ ਨੂੰ ਲੋੜੀਂਦੇ ਹਨ, ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ। ਉਨ੍ਹਾਂ ਕਿਹਾ ਕਿ ਜੋ ਲੋਕ ਕਾਨੂੰਨ ਨੂੰ ਲੋੜੀਂਦੇ ਹਨ, ਅਸੀਂ ਉਨ੍ਹਾਂ ਨੂੰ ਗ੍ਰਿਫਤਾਰ ਕਰਾਂਗੇ।