ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਵਲੋਂ ਪੰਜਾਬ ਦੀ ਮਾਨ ਸਰਕਾਰ ‘ਤੇ ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਲਿਆਂਦੀ ਗਈ ਸ਼ਰਾਬ ਨੀਤੀ ‘ਤੇ ਸਵਾਲ ਖੜੇ ਕੀਤੇ ਹਨ। ਨਾਲ ਹੀ ਉਹਨਾਂ ਕਿਹਾ ਕਿ ਮਾਨ ਸਰਕਾਰ ਦੇ ਸ਼ਾਸਨਕਾਲ ’ਚ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ।
ਬੀਬਾ ਬਾਦਲ ਨੇ ਕਿਹਾ ਆਮ ਲੋਕ ਸਰਕਾਰੀ ਦਫ਼ਤਰਾਂ ਦੀ ਖੱਜਲ-ਖੁਆਰੀ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਕਦੀ ਸਰਕਾਰ ਦਾ ਮੰਤਰੀ, ਕਦੀ ਵਿਧਾਇਕ, ਇਥੋਂ ਤਕ ਕਿ ਕਈ ਉੱਚ ਅਧਿਕਾਰੀ ਕੁਰੱਪਸ਼ਨ ਕਰਦੇ ਫੜੇ ਗਏ ਹਨ ਪਰ ਮੁੱਖ ਮੰਤਰੀ ਅਜੇ ਵੀ ਆਪਣੀ ਸਰਕਾਰ ਦੇ ਈਮਾਨਦਾਰ ਹੋਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵੀ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹਨ, ਉਹੀ ਹਾਲ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ।
ਸ਼ਰਾਬ ਨੀਤੀ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਜਿਹੜੀ ਸ਼ਰਾਬ ਪਾਲਿਸੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿਚ ਬਣਾਈ ਸੀ ਓਹੀ ਸ਼ਰਾਬ ਨੀਤੀ ਪੰਜਾਬ ‘ਚ ਲਾਗੂ ਕੀਤੀ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਇਹਨਾਂ ਵਲੋਂ ਪੰਜਾਬ ਦੇ ਖਜ਼ਾਨੇ ਨੂੰ ਠੱਗੀ ਮਾਰੀ ਗਈ ਹੈ।