ਲੁਧਿਆਣਾ: ਪੰਜਾਬ ਦੇ ਵਿਚ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ ਹੁਣ ਤਾਂ ਜਿਵੇਂ ਆਮ ਜਿਹੇ ਹੋ ਗਏ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ ਪੇਸ਼ੀ ਲਈ ਆਏ 2 ਹਵਾਲਾਤੀਆਂ ਦੇ ਫਰਾਰ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੇਂਦਰੀ ਜੇਲ੍ਹ ਵਿੱਚੋਂ ਪੇਸ਼ੀ ਲਈ ਆਏ ਦੋ ਹਵਾਲਾਤੀ ਪੇਸ਼ੀ ਭੁਗਤਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਚੱਲਦੀ ਬੱਸ ਵਿੱਚੋਂ ਕੁੱਦ ਗਏ ਅਤੇ ਫਰਾਰ ਹੋ ਗਏ। ਜਦੋਂ ਤੱਕ ਪੁਲਿਸ ਮੁਲਾਜ਼ਮ ਮੁੜ ਸਰਗਰਮ ਹੁੰਦੇ, ਇਕ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ, ਜਦੋਂਕਿ ਦੂਜੇ ਨੂੰ ਪਿੱਛਾ ਕਰ ਕੇ ਪੁਲਸ ਨੇ ਫੜ੍ਹ ਲਿਆ। ਮੁਲਾਜ਼ਮਾਂ ਨੇ ਪਿੱਛਾ ਕਰਕੇ ਇਕ ਕੈਦੀ ਨੂੰ ਫੜ ਲਿਆ, ਜਦਕਿ ਦੂਜਾ ਦੋਸ਼ੀ ਅਜੇ ਫਰਾਰ ਹੈ। ਫਰਾਰ ਦੋਸ਼ੀ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ ਅਤੇ ਫੜ੍ਹਿਆ ਗਿਆ ਮੁਲਜ਼ਮ ਹਰਜਿੰਦਰ ਸਿੰਘ ਹੈ।ਦੋਵੇਂ ਹੀ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਸਨ।
ਦਸ ਦਈਏ ਕਿ ਥਾਣਾ ਕੋਤਵਾਲੀ ਅਤੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਇਹ ਘਟਨਾ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਏ ਵਿੱਚ ਹੋਈ ਦੱਸੀ ਜਾ ਰਹੀ ਹੈ। ਐਸਐਚਓ ਅਰਸ਼ਪ੍ਰੀਤ ਕੌਰ ਨੇ ਟੀਮਾਂ ਬਣਾ ਕੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਇੱਕ ਬੱਸ ਕੇਂਦਰੀ ਜੇਲ੍ਹ ਤੋਂ ਕੈਦੀਆਂ ਨੂੰ ਪੇਸ਼ੀ ਲਈ ਲੈ ਕੇ ਆਈ ਸੀ। ਬੱਸ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਕੁੱਲ 37 ਹਵਾਲਾਤੀ ਸਨ।
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਨੂੰ ਫੜ੍ਹ ਕੇ ਪੁਲਸ ਬੱਸ ’ਚ ਲੈ ਆਈ। ਫਿਰ ਉਹ ਬੱਸ ਲੈ ਕੇ ਵਾਪਸ ਜੇਲ੍ਹ ਪਰਤ ਗਈ। ਉੱਥੇ ਜੇਲ ਸੁਪਰੀਡੈਂਟ ਨੂੰ ਸਾਰੀ ਘਟਨਾ ਤੋਂ ਜਾਣੂੰ ਕਰਵਾਇਆ ਗਿਆ ਅਤੇ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਡਵੀਜ਼ਨ ਨੰਬਰ-2 ਦੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਦੋਵੇਂ ਹੀ ਮੁਲਜ਼ਮ ਬਹੁਤ ਸ਼ਾਤਰ ਸਨ। ਦੀਪਕ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-1 ‘ਚ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਸੀ। ਜਦੋਂਕਿ ਹਰਜਿੰਦਰ ਸਿੰਘ ਨੂੰ ਐੱਸ. ਟੀ. ਐੱਫ. ਟੀਮ ਨੇ ਕਾਬੂ ਕੀਤਾ ਸੀ। ਦੋਵਾਂ ਦੇ ਕਬਜ਼ੇ ’ਚੋਂ ਕਮਰਸ਼ੀਅਲ ਕੁਆਂਟਿਟੀ ’ਚ ਨਸ਼ਾ ਬਰਾਮਦ ਹੋਇਆ ਸੀ। ਦੋਵੇਂ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਭੱਜਣ ਲੱਗੇ, ਜਿਸ ‘ਚ ਇਕ ਮੁਲਜ਼ਮ ਨੂੰ ਪੁਲਸ ਨੇ ਫੜ੍ਹ ਲਿਆ ਪਰ ਦੂਜਾ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਹੁਣ ਜੇਲ੍ਹ ਦੇ ਏ. ਐੱਸ. ਆਈ. ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।