ਚੰਡੀਗੜ੍ਹ ਤੋਂ ਮਨਾਲੀ ਜਾਂਦੇ ਸਮੇਂ ਲਾਪਤਾ ਹੋਏ ਪੀਆਰਟੀਸੀ ਦੇ ਬੱਸ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕੰਡਕਟਰ ਦੀ ਲਾਸ਼ ਕੁੱਲੂ ਤੋਂ ਬਰਾਮਦ ਕਰ ਲਈ ਗਈ ਹੈ ਜਦਕਿ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਪੰਜਾਬ ਲਿਆਂਦੀ ਗਈ ਹੈ। ਉਥੇ ਹੀ ਹੜ੍ਹਾਂ ਦੀ ਲਪੇਟ ‘ਚ ਆ ਕੇ ਮਾਰੇ ਗਏ PRTC ਦੇ ਡਰਾਈਵਰ ਤੇ ਕੰਡਕਟਰ ਨੂੰ ਇਨਸਾਫ ਦਵਾਉਣ ਲਈ ਪੀ.ਆਰ.ਟੀ.ਸੀ ਦੇ ਚੰਡੀਗੜ੍ਹ ਡਿਪੂ ‘ਤੇ ਵੀ ਮੁਲਾਜ਼ਮਾਂ ਨੇ ਕੰਮ ਠੱਪ ਕਰਕੇ ਹੜਤਾਲ ਕਰ ਦਿੱਤੀ ਹੈ। ਪੀਆਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸੂਬੇ ਦੇ 9 ਡਿਪੂ ਮੁਕੰਮ ਬੰਦ ਕਰ ਦਿੱਤੇ ਗਏ ਹਨ।
ਮੁਲਾਜ਼ਮਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਆਪਣੀ ਜਾਨ ਗਵਾਉਣ ਵਾਲੇ ਮੁਲਾਜ਼ਮਾਂ ਸਬੰਧੀ ਜਲਦੀ ਕੋਈ ਵੱਡਾ ਐਲਾਨ ਨਾ ਕੀਤਾ ਗਿਆ ਤਾਂ ਪੰਜਾਬ ਦੇ ਹੋਰ ਡਿਪੂਆਂ ਵਿੱਚ ਵੀ ਕੰਮ ਬੰਦ ਕਰ ਦਿੱਤਾ ਜਾਵੇਗਾ। ਮੁਲਾਜ਼ਮ ਮੰਗ ਕਰ ਰਹੇ ਹਨ ਕਿ ਹੜ੍ਹਾਂ ਦੀ ਲਪੇਟ ‘ਚ ਆਏ ਦੋਵਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਐਲਾਨ ਕੀਤਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਉਹ ਹੜਤਾਲ ‘ਤੇ ਰਹਿਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਪ੍ਰਧਾਨ ਰੇਸ਼ਮ ਜੀਤ ਸਿੰਘ ਨੇ ਦੱਸਿਆ ਕਿ ਕੰਡਕਟਰ ਦੀ ਲਾਸ਼ ਸ਼ੁੱਕਰਵਾਰ ਸਵੇਰੇ ਕੁੱਲੂ ਤੋਂ ਬਰਾਮਦ ਹੋਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਕੁੱਲੂ ਵਿਖੇ ਰਖਵਾਇਆ ਗਿਆ ਹੈ। ਪਰਿਵਾਰ ਪਹਿਲਾਂ ਹੀ ਉਥੇ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਦਸ ਦਈਏ ਕਿ 9 ਜੁਲਾਈ ਨੂੰ ਮਨਾਲੀ ਜਾਣ ਵਾਲੀ ਬੱਸ ਵੀਰਵਾਰ ਨੂੰ ਬਿਆਸ ਦਰਿਆ ਵਿੱਚ ਡਿੱਗੀ ਮਿਲੀ ਸੀ ਅਤੇ ਇਕ ਲਾਸ਼ ਵੀ ਬਰਾਮਦ ਹੋਈ ਸੀ ਜੋ ਡਰਾਈਵਰ ਸਤਗੁਰ ਸਿੰਘ ਦੀ ਸੀ।