ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਭਿਆਨਕ ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ ਗਏ ਹਨ। ਪਹਾੜੀ ਖੇਤਰ ‘ਚ ਭਾਰੀ ਲੈਂਡਸਲਾਈਡ ਕਾਰਨ ਢਹਿ-ਢੇਰੀ ਹੋਈਆਂ ਇਮਾਰਤਾਂ ਅਤੇ ਮਕਾਨਾਂ ਦੇ ਮਲਬੇ ‘ਚ ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਇਸ ਜ਼ਮੀਨ ਖਿਸਕਣ ਦਾ ਇੱਕ ਖਤਰਨਾਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਪਹਾੜ ਦੀ ਦਰਾੜ ਕਾਰਨ ਘਾਟੀ ‘ਤੇ ਬਣੇ ਮਕਾਨ ਕਿਵੇਂ ਢਹਿ ਗਏ। ਜ਼ਮੀਨ ਖਿਸਕਣ ਦੇ ਦ੍ਰਿਸ਼ਾਂ ਵਿੱਚ ਕਈ ਬਹੁ-ਮੰਜ਼ਿਲਾ ਇਮਾਰਤਾਂ ਢਹਿ-ਢੇਰੀ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਤੋਂ ਅਗਲੇ ਦੋ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਰੈੱਡ ਅਲਰਟ ਜਾਰੀ ਕੀਤੀ ਹੈ।
ਸੂਬੇ ਦੇ ਕਈ ਹਿੱਸਿਆਂ ‘ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਮੌਸਮ ਦੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਨੁਕਸਾਨੇ ਗਏ ਕੁੱਲੂ-ਮੰਡੀ ਹਾਈਵੇਅ ’ਤੇ ਅੱਜ ਸੈਂਕੜੇ ਵਾਹਨ ਫਸੇ ਹੋਏ ਹਨ। ਕੁੱਲੂ ਦੇ ਸੀਨੀਅਰ ਪੁਲਿਸ ਅਧਿਕਾਰੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਕੁੱਲੂ ਅਤੇ ਮੰਡੀ ਨੂੰ ਜੋੜਨ ਵਾਲੀ ਸੜਕ ਨੂੰ ਨੁਕਸਾਨ ਪਹੁੰਚਿਆ ਹੈ। ਪੰਡੋਹ ਰਾਹੀਂ ਜਾਣ ਵਾਲਾ ਇੱਕ ਬਦਲਵਾਂ ਰਸਤਾ ਵੀ ਨੁਕਸਾਨਿਆ ਗਿਆ ਹੈ। ਇਸ ਲਈ ਫਿਲਹਾਲ ਆਵਾਜਾਈ ਠੱਪ ਹੈ।
ਲਗਾਤਾਰ ਹੋ ਰਹੀ ਬਾਰਸ਼ ਨੇ ਵਾਤਾਵਰਣ ਦੇ ਪੱਖੋਂ ਸੰਵੇਦਨਸ਼ੀਲ ਪਹਾੜੀ ਰਾਜ ਵਿੱਚ ਜ਼ਮੀਨ ਖਿਸਕਣ, ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਨਾਲ ਵਿਆਪਕ ਤਬਾਹੀ ਮਚਾਈ ਹੈ। ਰਾਜ ਸਰਕਾਰ ਨੇ ਪਹਿਲਾਂ ਹੀ ਪੂਰੇ ਰਾਜ ਨੂੰ “ਕੁਦਰਤੀ ਆਫ਼ਤ ਪ੍ਰਭਾਵਿਤ ਖੇਤਰ” ਵਜੋਂ ਘੋਸ਼ਿਤ ਕੀਤਾ ਸੀ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਮਾਨਸੂਨ ਸੀਜ਼ਨ ‘ਚ ਭਾਰੀ ਮੀਂਹ ਕਾਰਨ ਕੁੱਲ 709 ਸੜਕਾਂ ਬੰਦ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਦਾ ਅੰਦਾਜ਼ਾ ਹੈ ਕਿ 24 ਜੂਨ ਤੋਂ ਰਾਜ ਵਿੱਚ ਮਾਨਸੂਨ ਆਉਣ ਤੋਂ ਬਾਅਦ ਜਨਤਕ ਬੁਨਿਆਦੀ ਢਾਂਚੇ ਨੂੰ ਕੁੱਲ 8,014.61 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਰਾਜ ਸਰਕਾਰ ਦੇ ਅੰਕੜਿਆਂ ਅਨੁਸਾਰ ਮੀਂਹ ਕਾਰਨ 2,022 ਘਰ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ 9,615 ਘਰ ਅੰਸ਼ਕ ਤੌਰ ‘ਤੇ ਨੁਕਸਾਨੇ ਗਏ ਹਨ। ਰਾਜ ਵਿੱਚ 113 ਜ਼ਮੀਨ ਖਿਸਕਣ ਦੀ ਵੀ ਰਿਪੋਰਟ ਕੀਤੀ ਗਈ ਹੈ, ਜਿਸ ਨਾਲ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। ਇੱਕ ਸਰਕਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਮੀਂਹ ਕਾਰਨ 224 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 117 ਹੋਰ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ ਮਾਰੇ ਗਏ।