ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਨੇ ਕਾਫੀ ਤਬਾਹੀ ਮਚਾਈ ਹੋਈ ਹੈ। ਵੀਰਵਾਰ ਨੂੰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 74 ਹੋ ਗਈ। ਬਚਾਅ ਟੀਮਾਂ ਨੇ ਸ਼ਿਮਲਾ ਦੇ ਇੱਕ ਸ਼ਿਵ ਮੰਦਰ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਨੂੰ ਬਾਹਰ ਕੱਢਿਆ, ਜਦਕਿ ਚੰਬਾ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਿਮਲਾ ਵਿੱਚ, ਸਮਰ ਹਿੱਲ ਵਿੱਚ ਸ਼ਿਵ ਮੰਦਰ ਸਮੇਤ ਤਿੰਨ ਵੱਡੀਆਂ ਲੈਂਡਸਲਾਈਡ ਦੀਆਂ ਘਟਨਾਵਾਂ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 55 ਦਿਨਾਂ ਵਿੱਚ ਸੂਬੇ ਵਿੱਚ ਲੈਂਡਸਲਾਈਡ ਦੀਆਂ 113 ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੂੰ 2,491 ਕਰੋੜ ਰੁਪਏ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਨੂੰ 1,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਹੜ੍ਹ ਕਾਰਨ ਸ਼ਿਮਲਾ ਦੇ ਸਮਰ ਹਿੱਲ ‘ਚ ਰੇਲਵੇ ਟ੍ਰੈਕ ਦਾ ਕੁਝ ਹਿੱਸਾ ਵਹਿ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਹਾਲ ਹੀ ਵਿੱਚ ਜ਼ਮੀਨ ਖਿਸਕਣ ਕਾਰਨ ਨੁਕਸਾਨੇ ਗਏ ਬੁਨਿਆਦੀ ਢਾਂਚੇ ਦਾ ਮੁੜ ਨਿਰਮਾਣ ਕਰਨਾ ਇੱਕ “ਪਹਾੜ ਵਰਗੀ ਚੁਣੌਤੀ” ਹੈ।
ਮੌਸਮ ਵਿਭਾਗ (ਆਈਐਮਡੀ) ਨੇ ਸ਼ਿਮਲਾ, ਸੋਲਨ, ਮੰਡੀ, ਚੰਬਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੇ ਨਾਲ ਕੁਝ ਥਾਵਾਂ ‘ਤੇ ਗਰਜ ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਸੂਬੇ ‘ਚ ਐਤਵਾਰ ਤੋਂ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪਿਆ। ਹਾਲਾਂਕਿ ਮੰਗਲਵਾਰ ਤੋਂ ਬਾਅਦ ਮੀਂਹ ਘੱਟ ਗਿਆ ਅਤੇ ਵੀਰਵਾਰ ਨੂੰ ਕੁਝ ਥਾਵਾਂ ‘ਤੇ ਹੀ ਹਲਕੀ ਬਾਰਿਸ਼ ਹੋਈ। ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 217 ਲੋਕਾਂ ਦੀ ਮੌਤ ਹੋ ਚੁੱਕੀ ਹੈ।