ਪੰਜਾਬ ਦੇ ਵਿਚ ਕਦੇ ਕੁਦਰਤੀ ਮਾਰ ਜਾਂ ਕਦੇ ਕੀੜਿਆਂ ਦੀ ਮਾਰ ਹੇਠ ਤਬਾਹ ਹੁੰਦੀਆਂ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਅਤੇ ਕਿਸਾਨਾਂ ਦੇ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਨੂੰ ਰੋਕਣ ਲਈ ਭਗਵੰਤ ਮਾਨ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਪੰਜਾਬ ‘ਚ ਇਨ੍ਹਾਂ ਦੇ ਸੈਂਪਲ ਹਾਈਟੈਕ ਅੰਦਾਜ਼ ‘ਚ ਸੀਲਬੰਦ ਕੀਤੇ ਜਾਣਗੇ। ਬੀਜਾਂ ਤੇ ਕੀਟਨਾਸ਼ਕਾਂ ਦੇ ਨਮੂਨੇ ਅਜਿਹੇ ਬਕਸੇ ਵਿੱਚ ਰੱਖੇ ਜਾਣਗੇ ਜਿਸ ਨੂੰ ਸਿਰਫ਼ ਫਿੰਗਰਪ੍ਰਿੰਟ ਤਕਨੀਕ ਨਾਲ ਖੋਲ੍ਹਿਆ ਜਾ ਸਕੇਗਾ। ਸੂਬੇ ਵਿੱਚ ਇੱਕ ਨਵੀਂ ਲੈਬ ਵੀ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਬੀਜਾਂ, ਕੀਟਨਾਸ਼ਕਾਂ ਤੇ ਖਾਦਾਂ ਦੀ ਜਾਂਚ ਕਰਕੇ ਮੌਕੇ ’ਤੇ ਹੀ ਰਿਪੋਰਟ ਤਿਆਰ ਕੀਤੀ ਜਾ ਸਕੇ। ਘਟੀਆ ਕੁਆਲਿਟੀ ਦੇ ਇਹ ਸਾਰੇ ਉਤਪਾਦ ਫਾਰਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਏ ਜਾਣਗੇ। ਇਹ ਸਭ ਕੁਝ ਪੰਜਾਬ ਦੀ ਨਵੀਂ ਖੇਤੀ ਨੀਤੀ ਵਿੱਚ ਹੋਵੇਗਾ।
ਇਹ ਨਵੀਂ ਨੀਤੀ ਅਗਲੇ ਸਾਲ ਮਾਰਚ ਤੱਕ ਆ ਜਾਵੇਗੀ। ਸੈਂਪਲਾਂ ਦੇ ਬਕਸੇ ਨੂੰ ਫਿੰਗਰਪ੍ਰਿੰਟ ਨਾਲ ਜੋੜਨ ਉਤੇ ਇਸ ਨਾਲ ਛੇੜਛਾੜ ਦਾ ਪਤਾ ਚੱਲ ਜਾਵੇਗਾ। ਜੇ ਕੋਈ ਅਧਿਕਾਰੀ ਨਕਲੀ ਬੀਜਾਂ ਅਤੇ ਖਾਦਾਂ ਦੇ ਸੈਂਪਲ ਬਾਕਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਰਿਕਾਰਡ ਉਸੇ ਸਮੇਂ ਸੈਂਪਲ ਨਾਲ ਅਟੈਚ ਹੋ ਜਾਵੇਗਾ, ਜਿਸ ‘ਤੇ ਕਾਰਵਾਈ ਕਰਨੀ ਆਸਾਨ ਹੋਵੇਗੀ। ਇਸ ਤੋਂ ਇਲਾਵਾ ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ਦੇ ਮਾਫੀਆ ਤੱਕ ਪਹੁੰਚਣ ਲਈ ਟਰੇਸ ਐਂਡ ਟ੍ਰੈਕਿੰਗ ਸਿਸਟਮ ਬਣਾਇਆ ਜਾਵੇਗਾ। ਕੰਪਨੀ ਵੱਲੋਂ ਕਿਸਾਨਾਂ ਤੱਕ ਪਹੁੰਚਣ ਵਾਲੇ ਸਾਰੇ ਮਾਲ ਦੀ ਟ੍ਰੈਕਿੰਗ ਕੀਤੀ ਜਾਵੇਗੀ। ਸਾਰੇ ਬੈਚਾਂ ‘ਤੇ ਬਾਰ ਕੋਡ ਲਾਜ਼ਮੀ ਹੋਣਗੇ।
ਨਵੀਂ ਖੇਤੀ ਨੀਤੀ ਵਿੱਚ ਇਹ ਵੀ ਯੋਜਨਾ ਹੈ ਕਿ ਕਿਸਾਨ ਖੇਤੀ ਵਿਭਾਗ ਅਨੁਸਾਰ ਹੀ ਫ਼ਸਲ ਬੀਜੇਗਾ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਪ੍ਰਾਈਵੇਟ ਕੰਪਨੀਆਂ ਨਾਲ ਵੀ ਸੰਪਰਕ ਕਰ ਰਿਹਾ ਹੈ। ਕੰਪਨੀ ਕਿਸਾਨਾਂ ਨੂੰ ਫਸਲਾਂ ਦੇ ਬੀਜ, ਖਾਦਾਂ, ਕੀੜੇਮਾਰ ਦਵਾਈਆਂ ਮੁਹੱਈਆ ਕਰਵਾਏਗੀ। ਜੇ ਫਸਲ ਖਰਾਬ ਹੋ ਜਾਂਦੀ ਹੈ ਜਾਂ ਬੀਮਾਰੀ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਕੰਪਨੀ ਅਤੇ ਸਰਕਾਰ ਮਿਲ ਕੇ ਮੁਆਵਜ਼ਾ ਦੇ ਸਕਣਗੇ। ਕੰਪਨੀ ਅਤੇ ਕਿਸਾਨ ਕਿੰਨਾ ਕੁ ਸਹਿਮਤ ਹੋਣਗੇ, ਵਿਚਾਰ ਚੱਲ ਰਿਹਾ ਹੈ। ਜਦਕਿ ਜਲੰਧਰ ਵਿੱਚ ਆਧੁਨਿਕ ਲੈਬ ਸਥਾਪਿਤ ਕੀਤੀ ਜਾਵੇਗੀ। ਤਿੰਨ ਪੁਰਾਣੀਆਂ ਲੈਬਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਦੂਜੇ ਸੂਬਿਆਂ ਤੋਂ ਆਉਣ ਵਾਲੇ ਨਕਲੀ ਸਮਾਨ ਨੂੰ ਫੜਨ ਲਈ ਸਰਹੱਦਾਂ ‘ਤੇ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਖੇਤੀ ਵਿੱਚ ਰਸਾਇਣਾਂ ਦੀ ਵੱਧ ਵਰਤੋਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਨਵੀਂ ਖੇਤੀ ਨੀਤੀ ਵਿੱਚ ਇਸ ਨੂੰ ਰੋਕਿਆ ਜਾਵੇਗਾ। ਕਿਸਾਨਾਂ ਨੂੰ ਨਕਲੀ ਖਾਦਾਂ, ਬੀਜਾਂ ਤੇ ਕੀਟਨਾਸ਼ਕਾਂ ਦੀ ਠੱਗੀ ਤੋਂ ਬਚਾਉਣ ਲਈ ਵੀ ਕਦਮ ਚੁੱਕੇ ਜਾਣਗੇ।