ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸ਼ੁੱਕਰਵਾਰ ਸ਼ਾਮ ਨੂੰ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਾਇਕ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ ਗਿਆ। ਦਸ ਦਈਏ ਕਿ ਗਾਇਕ ਔਲਖ ਦੁਬਈ ਦੇ ਵਿਚ ਆਪਣੇ ਸ਼ੋਅ ਕਰਨ ਲਈ ਜਾ ਰਹੇ ਸੀ ਪਰ ਉਸਤੋਂ ਪਹਿਲਾਂ ਹੀ ਐਨਆਈਏ ਨੇ ਉਹਨਾਂ ਨੂੰ ਏਅਰਪੋਰਟ ‘ਤੇ ਰੋਕ ਲਿਆ ਅਤੇ ਕਾਫੀ ਦੇਰ ਪੁੱਛਗਿੱਛ ਵੀ ਕੀਤੀ ਗਈ। ਇਸ ਸਬੰਧ ਵਿਚ ਏਜੰਸੀ ਦਾ ਕਹਿਣਾ ਹੈ ਕਿ ਗਾਇਕ ਬਿਨਾ ਮਨਜ਼ੂਰੀ ਦੇ ਵਿਦੇਸ਼ ਨਹੀਂ ਜਾ ਸਕਦੇ ਜਦੋਂ ਤੱਕ ਮੂਸੇਵਾਲਾ ਦੇ ਕਤਲਕਾਂਡ ਦੀ ਜਾਂਚ ਚੱਲ ਰਹੀ ਹੈ।
ਉਥੇ ਹੀ ਦੂਜੇ ਪਾਸੇ ਸੂਤਰਾਂ ਤੋਂ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਐਨਆਈਏ ਦੇ ਇਸ ਰਵੀਏ ਤੋਂ ਤੰਗ ਆਕੇ ਪੰਜਾਬੀ ਗਾਇਕ ਮਨਕੀਰਤ ਔਲਖ ਹਾਈਕੋਰਟ ਦਾ ਰੁਖ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਮਨਕੀਰਤ ਔਲਖ NIA ਵਿਰੁੱਧ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨਗੇ।
ਇਹ ਵੀ ਦਸਣਾ ਬਣਦਾ ਹੈ ਕਿ ਵਿਦੇਸ਼ ਜਾਣ ਦੀ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਮਨਕੀਰਤ ਔਲਖ ਵਾਪਸ ਆਪਣੀ ਚੰਡੀਗੜ੍ਹ ਰਿਹਾਇਸ਼ ਪਰਤ ਆਏ ਸੀ ਅਤੇ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਔਲਖ ਨੇ ਕਿਹਾ ਸੀ ਕਿ ਕਿਸੇ ਟੈਕਨੀਕਲ ਕਾਰਨ ਕਰ ਕੇ ਉਹ ਦੁਬਈ ਨਹੀਂ ਆ ਸਕਿਆ ਹੈ, ਨਵੀਂਆਂ ਤਾਰੀਖਾਂ ਦਾ ਬਾਅਦ ਵਿਚ ਐਲਾਨ ਕੀਤਾ ਜਾਵੇਗਾ।