ਪਿਛਲੇ ਕੁਝ ਦਿਨਾਂ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ 1 ਅਪ੍ਰੈਲ ਤੋਂ ਟੋਲ ਪਲਾਜ਼ਿਆਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਇਸ ਦਰਮਿਆਨ ਹੁਣ ਇਹ ਸੂਚਨਾ ਪ੍ਰਾਪਤ ਹੋਈ ਹੈ ਕਿ ਨੈਸ਼ਨਲ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ 1 ਟੋਲ ਰੇਟਾਂ ‘ਚ ਕੋਈ ਵਾਧਾ ਨਹੀਂ ਹੋਵੇਗਾ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ 31 ਮਾਰਚ ਦੀ ਰਾਤ ਨੂੰ ਟੋਲ ਰੇਟਾਂ ’ਚ ਕੋਈ ਵਾਧਾ ਨਹੀਂ ਹੋ ਰਿਹਾ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕੁੱਝ ਲੋਕ ਸੋਸ਼ਲ ਮੀਡੀਆ ’ਤੇ ਟੋਲ ਰੇਟ ਵੱਧਣ ਦੀਆਂ ਅਫ਼ਵਾਹਾਂ ਫੈਲਾਅ ਰਹੇ ਸਨ ਪਰ ਇੱਥੇ ਅਜਿਹਾ ਕੋਈ ਨੋਟਿਸ ਅਜੇ ਤੱਕ ਨਹੀਂ ਆਇਆ ਹੈ। ਸਾਡੇ ਟੋਲ ਪਲਾਜ਼ਾ ’ਤੇ 1 ਸਤੰਬਰ ਤੋਂ ਨਵੇਂ ਰੇਟ ਲਾਗੂ ਕੀਤੇ ਜਾਣਗੇ। ਇਸ ਤੋਂ ਪਹਿਲਾਂ ਨੋਟਿਸ ਜਾਰੀ ਹੋਵੇਗਾ ਅਤੇ ਬਾਅਦ ’ਚ ਰੇਟਾਂ ’ਚ ਵਾਧਾ ਕੀਤਾ ਜਾਵੇਗਾ। ਖਾਨ ਨੇ ਦੱਸਿਆ ਕਿ ਅਜਿਹੀਆਂ ਅਫ਼ਵਾਹਾਂ ਫੈਲਾਅ ਕੇ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਸਾਡੀ ਕੰਪਨੀ ਦਾ ਠੇਕਾ ਮਈ ਮਹੀਨੇ ਤੱਕ ਹੈ, ਜਿਸ ਤੋਂ ਬਾਅਦ ਅਗਲਾ ਟੈਂਡਰ ਲੱਗਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲ ਦੀ ਘੜੀ ਉਹ ਲੋਕਾਂ ਨੂੰ ਪੁਰਾਣੇ ਰੇਟ ’ਤੇ ਹੀ ਟੋਲ ਦੇਣ ਬਾਰੇ ਦੱਸ ਰਹੇ ਹਨ। ਵੇਖਣਾ ਹੋਵੇਗਾ ਕਿ ਬਾਕੀ ਨੈਸ਼ਨਲ ਹਾਈਵੇਅ ’ਤੇ ਬਣੇ ਟੋਲ ਪਲਾਜ਼ਿਆਂ ਦੇ ਵੀ ਰੇਟ ਪਹਿਲੇ ਵਾਂਗ ਰਹਿੰਦੇ ਹਨ ਜਾਂ ਉਹਨਾਂ ਦੀਆਂ ਕਮਿਤਾਂ ‘ਚ ਵਾਧਾ ਕੀਤਾ ਜਾਂਦਾ ਹੈ।