108 ਐਂਬੂਲੈਸ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਦਿਆਂ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ 108 ਅੰਬੂਲੈਂਸ ਨਾਲ ਸਬੰਧਤ ਹਜ਼ਾਰਾਂ ਕਰਮਚਾਰੀ ਅੱਜ ਤੋਂ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਗਏ ਹਨ। ਇਹ ਜਾਣਕਾਰੀ ਦਿੰਦਿਆ ਪੰਜਾਬ 108 ਅੰਬੂਲੈਂਸ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਉਨਾ ਦੀ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਤਿੰਨ ਦਿਨ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੇ ਸਮੁੱਚੇ 108 ਐਂਬੂਲੈਂਸ ਕਰਮਚਾਰੀ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਜਾਣਗੇ। ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਨਹੀਂ ਕੀਤਾ ਜਿਸ ਕਾਰਨ ਸਮੂਹ 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਕਰ ਲਿਆ ਹੈ।
ਨਿੱਝਰ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਕਰਮਚਾਰੀਆਂ ਨੂੰ ਪੱਕਾ ਕਰਨਾ,ਤਨਖਾਹਾਂ ਵਿੱਚ ਸਾਲਾਨਾ 10 ਫੀਸਦੀ ਵਾਧਾ ਕਰਨਾ,ਹਰਿਆਣਾ ਦੀ ਤਰਜ਼ ‘ਤੇ 30,000 ਰੁਪਏ ਤਨਖਾਹ ਦੇਣੀ, 10 ਫ਼ੀਸਦੀ ਵਾਧੇ ਦਾ ਪਿਛਲੇ 10 ਸਾਲ ਦਾ ਬਕਾਇਆ ਦੇਣਾ , 50 ਲੱਖ ਰੁਪਏ ਦਾ ਐਕਸੀਡੈਂਟਲ ਕਲੇਮ ਦੇਣਾ, ਮ੍ਰਿਤਕ ਆਸ਼ਰਤਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਆਦਿ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਨਹੀਂ ਤਾਂ ਹੜਤਾਲ ਲੰਮੇ ਸਮੇਂ ਲਈ ਜਾਰੀ ਰਹੇਗੀ। 108 ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ ਕਾਰਨ ਪੰਜਾਬ ਵਿੱਚ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਦਿੱਕਤਾਂ ਆ ਸਕਦੀਆਂ ਹਨ ।