ਹੜਤਾਲ ‘ਤੇ ਗਏ 108 ਐਂਬੂਲੈਂਸ ਮੁਲਾਜ਼ਮ ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲਿਆ। ਉਹਨਾਂ ਨੇ ਸਰਕਾਰ ਨੂੰ ਇਕ ਦਿਨ ਯਾਨੀ ਕਿ 15 ਜਵਨਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ ਜਿਸ ਵਿਚ ਉਹਨਾ ਨੇ ਕਿਹਾ ਕਿ ਜੇਕਰ 15 ਜਨਵਰੀ ਤੱਕ ਦਿਨ ਦੇ 12 ਵਜੇ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ, ਵਫ਼ਦ ਨੂੰ ਨਾ ਮਿਲੇ ਤਾਂ ਉਹ ਸੰਘਰਸ਼ ਤੇਜ਼ ਕਰਦੇ ਹੋਏ ਰੋਡ ਜਾਮ ਕਰ ਦੇਣਗੇ। ਐਸੋਸੀਏਸ਼ਨ ਵੱਲੋਂ ਜਾਰੀ ਇਸ ਅਲਟੀਮੇਟਮ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਰ ਕੇ ਉਨ੍ਹਾਂ ਨੂੰ ਪੰਜਾਬ ’ਚ ਐਂਬੂਲੈਂਸ 108 ਦਾ ਕੰਮ ਠੱਪ ਕਰ ਕੇ ਹੜਤਾਲ ਕਰਨੀ ਪੈ ਰਹੀ ਹੈ।
ਵਰਣਨਯੋਗ ਹੈ ਕਿ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ’ਚ ਠੇਕਾ ਪ੍ਰਥਾ ਨੂੰ ਖ਼ਤਮ ਕਰ ਕੇ ਪੰਜਾਬ ਸਰਕਾਰ ਦੇ ਅਧੀਨ ਮੁਲਾਜ਼ਮਾਂ ਨੂੰ ਨਿਯਮਤ ਕੀਤਾ ਜਾਵੇ, ਹਰਿਆਣਾ ਸਰਕਾਰ ਵਾਂਗ ਮੁਲਾਜ਼ਮਾਂ ਦੀ ਤਨਖ਼ਾਹ 30 ਤੋਂ ਵਧਾ ਕੇ 35 ਹਜ਼ਾਰ ਕੀਤੀ ਜਾਵੇ, 10 ਸਾਲਾਂ ਤੋਂ ਰੋਕਿਆ ਤਨਖ਼ਾਹ ਵਾਧਾ ਮੁਲਾਜ਼ਮਾਂ ਨੂੰ ਵਿਆਜ਼ ਸਮੇਤ ਦਿੱਤਾ ਜਾਵੇ, ਕੰਪਨੀ ਵੱਲੋਂ ਕੱਢੇ ਮੁਲਾਜ਼ਮਾਂ ਨੂੰ ਫੌਰਨ ਬਹਾਲ ਕੀਤਾ ਜਾਵੇ, 10 ਫ਼ੀਸਦੀ ਤਨਖ਼ਾਹ ਵਾਧਾ ਯਕੀਨੀ ਬਣਾਇਆ ਜਾਵੇ, ਹਰ ਮੁਲਾਜ਼ਮ ਦਾ 50 ਲੱਖ ਰੁਪਏ ਤਕ ਦਾ ਦੁਰਘਟਨਾ ਅਤੇ ਬੀਮਾਰੀ ਦਾ ਬੀਮਾ ਲਿਆ ਜਾਵੇ, ਸੇਵਾ ਦੌਰਾਨ ਜਾਨ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਦਿੱਤੀ ਜਾਵੇ।
ਦੂਜੇ ਪਾਸੇ ਸਪੱਸ਼ਟੀਕਰਨ ਦਿੰਦੇ ਹੋਏ ਮੈਡੀਕਲ ਹੈਲਥ ਕੇਅਰ ਲਿਮਟਿਡ (ਐਂਬੂਲੈਂਸ 108 ਸੇਵਾ) ਦੇ ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਕੰਟ੍ਰੈਕਚੁਅਲ ਪ੍ਰਾਜੈਕਟ ਹੈ ਜੋ ਨਿਯਮ ਅਤੇ ਸ਼ਰਤਾਂ ਦੇ ਮੁਤਾਬਕ ਕੀਤਾ ਗਿਆ ਹੈ। ਐਂਬੂਲੈਂਸ 108 ਸੇਵਾ ਮੁਲਾਜ਼ਮਾਂ ਦੀ ਤਨਖ਼ਾਹ ਪੰਜਾਬ ਸਰਕਾਰ ਦੇ ਮੁਤਾਬਕ ਨਿਰਧਾਰਤ ਕੀਤੀ ਜਾਂਦੀ ਹੈ। ਕੁਸ਼ਲ ਸ਼੍ਰੇਣੀ (ਡੀ.ਸੀ. ਦਰ) ਦੇ ਤਹਿਤ ਘੱਟੋ ਘੱਟ ਮਜ਼ਦੂਰੀ ਅਧਿਸੂਚਨਾ ਅਤੇ ਪਿਛਲੇ ਸਾਲ ਅਕਤੂਬਰ ਵਿਚ ਮੁਲਾਜ਼ਮਾਂ ਦੇ ਬਕਾਇਆ ਦੇ ਨਾਲ ਤਨਖਾਹ ਵਾਧਾ ਦਿੱਤਾ ਗਿਆ ਹੈ।