ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਦੱਖਣੀ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਸੋਚ ਹੈ ਕਿ ਕਿਸਾਨ ਸਿਰਫ਼ ‘ਅੰਨਦਾਤਾ’ ਹੀ ਨਹੀਂ, ‘ਊਰਜਾਦਾਤਾ’ ਵੀ ਬਣੇ। ਉਹਨਾਂ ਕਿਹਾ ਕਿ ਸਾਰੇ ਵਾਹਨ ਹੁਣ ਕਿਸਾਨਾਂ ਦੁਆਰਾ ਤਿਆਰ ਕੀਤੇ ਈਥਾਨੌਲ ‘ਤੇ ਚੱਲਣਗੇ।
ਉਨ੍ਹਾਂ ਕਿਹਾ ਕਿ ਜੇਕਰ ਔਸਤਨ 60 ਫੀਸਦੀ ਈਥਾਨੌਲ ਅਤੇ 40 ਫੀਸਦੀ ਬਿਜਲੀ ਲਈ ਜਾਵੇ ਤਾਂ ਪੈਟਰੋਲ 15 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ ਅਤੇ ਲੋਕਾਂ ਨੂੰ ਫਾਇਦਾ ਹੋਵੇਗਾ। ਪ੍ਰਦੂਸ਼ਣ ਘੱਟ ਹੋਵੇਗਾ। 16 ਲੱਖ ਕਰੋੜ ਰੁਪਏ ਦੀ ਦਰਾਮਦ ਹੈ, ਇਹ ਪੈਸਾ ਕਿਸਾਨਾਂ ਦੇ ਘਰ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਕਿਹਾ ਉਨ੍ਹਾਂ ਕਿਹਾ ਕਿ ਭਾਰਤਮਾਲਾ ਪ੍ਰੋਗਰਾਮ ਤਹਿਤ ਚੱਲ ਰਹੇ ਦਿੱਲੀ-ਮੁੰਬਈ ਹਾਈਵੇਅ ਦੇ ਕੰਮ ਦੇ ਮੁਕੰਮਲ ਹੋਣ ਨਾਲ ਜੈਪੁਰ ਤੋਂ ਦਿੱਲੀ ਦੀ ਦੂਰੀ ਸਿਰਫ਼ ਦੋ ਘੰਟੇ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਜੈਪੁਰ ਤੋਂ ਦਿੱਲੀ ਐਕਸਪ੍ਰੈਸ ਹਾਈਵੇਅ ਦਾ 93 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਜਿਵੇਂ ਹੀ ਇਹ ਪੂਰਾ ਹੋ ਜਾਵੇਗਾ, ਜੈਪੁਰ ਤੋਂ ਦਿੱਲੀ ਆਉਣਾ ਬਹੁਤ ਆਸਾਨ ਹੋ ਜਾਵੇਗਾ।
ਪ੍ਰੋਗਰਾਮ ‘ਚ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਲਗਭਗ 60 ਸਾਲ ਭਾਰਤ ‘ਤੇ ਰਾਜ ਕੀਤਾ ਅਤੇ ਗਰੀਬ ਹਟਾਓ ਦਾ ਨਾਅਰਾ ਦਿੱਤਾ ਪਰ ਗਰੀਬਾਂ ਦੀ ਗਰੀਬੀ ਦੂਰ ਨਹੀਂ ਹੋਈ, ਸਗੋਂ ਕਾਂਗਰਸ ਵਾਲਿਆਂ ਨੇ ਆਪਣੀ ‘ਗਰੀਬੀ’ ਦੂਰ ਕਰ ਲਈ।