ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਵਲੋਂ 19-20 ਜੂਨ ਇਕ ਸਪੈਸਲ ਸੈਸ਼ਨ ਸੱਦਿਆ ਜਾ ਰਿਹਾ ਹੈ ਜਿਸ ਵਿਚ ਕੈਬਨਿਟ ਮੀਟਿੰਗ ਦੌਰਾਨ ਹੋਏ ਫੈਸਲਿਆਂ ਨੂੰ ਵਿਧਾਨ ਸਭਾ ਵਿਚ ਲਿਆਂਦਾ ਜਾਵੇਗਾ। ਪਰ ਹੁਣ ਇਸ ਸਪੈਸ਼ਲ ਇਜਲਾਸ ਦੀ ਮਨਜ਼ੂਰੀ ਤਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦੇਣੀ ਸੀ ਅਤੇ ਇਸ ਸਪੈਸ਼ਲ ਸੈਸ਼ਨ ਨੂੰ ਲੈਕੇ ਰਾਜਪਾਲ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਗਵਰਨਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਨੇ ਸੈਸ਼ਨ ‘ਤੇ ਸਵਾਲ ਚੁੱਕੇ ਹਨ। ਰਾਜਪਾਲ ਨੇ ਕਿਹਾ ਕਿ ਇਜਲਾਸ ਨੂੰ ਲੈਕੇ ਕਈ ਇਤਰਾਜ਼ ਆਏ ਹਨ। ਸਰਕਾਰ , ਸਪੈਸ਼ਲ ਸੈਸ਼ਨ ਬੁਲਾਏ ਜਾਣ ਦਾ ਏਜੰਡਾ ਦੱਸੇ।
ਉਥੇ ਹੀ ਦੂਜੇ ਪਾਸੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵੀ ਬੁਲਾ ਲਈ ਹੈ। ਇਹ ਮੀਟਿੰਗ ਚੰਡੀਗੜ੍ਹ ਵਿਖੇ 19 ਜੂਨ ਨੂੰ ਸ਼ੁਰੂ ਹੋਣ ਜਾ ਰਹੇ ਇਜਲਾਸ ਤੋਂ ਪਹਿਲਾਂ ਹੋਵੇਗੀ। ਪਰ ਹੁਣ ਸਵਾਲ ਇਹ ਖੜਾ ਹੁੰਦਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਪੈਸ਼ਲ ਸੈਸ਼ਨ ਬੁਲਾਏ ਜਾਣ ਦੀ ਮਨਜ਼ੂਰੀ ਦਿੰਦੇ ਹਨ ਜਾਂ ਨਹੀਂ ਕਿਉਂਕਿ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਚੱਲ ਰਹੇ ਤਕਰਾਅ ਕਾਰਨ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ।