November 30, 2023
Crime Punjab

2 ਦਿਨ ਪਹਿਲਾਂ ਲਾਪਤਾ ਹੋਏ 3 ਸਾਲਾਂ ਬੱਚੇ ਦੀ ਮਿਲੀ ਲਾਸ਼, ਕਲਯੂਗੀ ਪਿਤਾ ਨੇ ਹੀ ਉਤਾਰਿਆ ਸੀ ਮੌਤ ਦੇ ਘਾਟ

ਤਰਨਤਾਰਨ ਵਿਖੇ ਦੋ ਦਿਨਾਂ ਤੋਂ ਲਾਪਤਾ ਚੱਲ ਰਹੇ 3 ਸਾਲਾਂ ਗੁਰਸੇਵਕ ਸਿੰਘ ਦੀ ਲਾਸ਼ ਸੂਏ ‘ਚੋਂ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਮਾਸੂਮ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਕੀਤਾ ਹੈ। ਦਸ ਦਈਏ ਕਿ ਅੰਗਰੇਜ਼ ਸਿੰਘ ਨੇ ਹੀ ਬੱਚੇ ਦੇ ਅਗਵਾ ਹੋਣ ਵਾਲੀ ਸਾਜਿਸ਼ ਰਚੀ ਸੀ ਅਤੇ ਫਿਰ ਪਹਿਲਾਂ ਉਸਦਾ ਗੱਲ ਘੋਟਿਆ ਫਿਰ ਗੁਰਸੇਵਕ ਸਿੰਘ ਨੂੰ ਵੱਗਦੇ ਸੂਏ ਵਿਚ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਪਿਤਾ ਨੇ ਹੀ ਅਗਵਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਦੋਂ ਇਸ ਮਾਮਲੇ ‘ਚ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਪਿਤਾ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਗੁਰਸੇਵਕ ਦੇ ਪਿਤਾ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਇਸ ਵਾਰਦਾਤ ਦਾ ਖੁਲਾਸਾ ਕਰਦਿਆਂ ਪੁਲਸ ਵੱਲੋਂ ਪਿਤਾ ਦੀ ਨਿਸ਼ਾਨਦੇਹੀ ‘ਤੇ ਮ੍ਰਿਤਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਪੁਲਿਸ ਫਿਲਹਾਲ ਪਿਤਾ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਖਤਾ ਸਬੂਤ ਨਹੀਂ ਮਿਲ ਜਾਂਦੇ, ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਨੇ ਐਤਵਾਰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੇ 3 ਸਾਲਾ ਬੇਟੇ ਗੁਰਸੇਵਕ ਸਿੰਘ ਸਮੇਤ ਮੋਟਰਸਾਈਕਲ ‘ਤੇ ਰਿਸ਼ਤੇਦਾਰ ਕੋਲ ਪਿੰਡ ਬਿੱਲਿਆਂ ਵਾਲਾ ਜਾ ਰਿਹਾ ਸੀ ਤਾਂ ਰਸਤੇ ‘ਚ 3 ਅਣਪਛਾਤੇ ਕਾਰ ਸਵਾਰ ਉਸ ਦੇ ਬੇਟੇ ਗੁਰਸੇਵਕ ਸਿੰਘ ਸਮੇਤ ਮੋਬਾਇਲ ਫੋਨ ਅਤੇ 300 ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੇਰ ਰਾਤ ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ‘ਚ ਹਾਈ ਅਲਰਟ ਜਾਰੀ ਕਰਦਿਆਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਦੇ ਹੋਏ ਕਾਰ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸੋਮਵਾਰ ਦੁਪਹਿਰ ਸਮੇਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਪੁਲਸ ਸਾਹਮਣੇ ਇਹ ਗੱਲ ਆਈ ਕਿ ਲੜਕੇ ਗੁਰਸੇਵਕ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰਦਿਆਂ ਨਜ਼ਦੀਕੀ ਪਿੰਡ ਜਾਮਾਰਾਏ ਵਿਖੇ ਸੂਏ ‘ਚ ਸੁੱਟ ਦਿੱਤਾ। ਮਾਮਲੇ ਦੀ ਅਗਵਾਈ ਕਰ ਰਹੇ ਐੱਸਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਦਿਆਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਅਗਵਾ ਕਰਨ ਦੇ ਡਰਾਮੇ ਤੋਂ ਪਰਦਾ ਚੁੱਕਣ ਤੋਂ ਬਾਅਦ ਮੌਕੇ ’ਤੇ ਜ਼ਿਲ੍ਹੇ ਦੇ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਪੁਲਸ ਪਾਰਟੀ ਸਮੇਤ ਪੁੱਜ ਗਏ।

ਪੁਲਸ ਨੇ ਘਟਨਾ ਵਾਲੀ ਜਗ੍ਹਾ ਤੋਂ ਮੁਲਜ਼ਮ ਪਿਤਾ ਨੂੰ ਲਿਜਾਂਦੇ ਹੋਏ ਉਸ ਦੀ ਨਿਸ਼ਾਨਦੇਹੀ ‘ਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ, ਜਦਕਿ ਬੱਚੇ ਦੀ ਲਾਸ਼ ਦੀ ਭਾਲ ਜਾਰੀ ਹੈ। ਇਸ ਮਾਮਲੇ ‘ਚ ਪੁਲਸ ਵੱਲੋਂ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਅੰਗਰੇਜ਼ ਸਿੰਘ ਦੇ ਘਰ 12 ਸਾਲਾ ਗੁਰਜੀਤ ਕੌਰ ਨਾਂ ਦੀ ਬੇਟੀ ਵੀ ਹੈ ਅਤੇ ਕਰੀਬ 9 ਸਾਲ ਬਾਅਦ ਗੁਰਸੇਵਕ ਸਿੰਘ ਨੇ ਉਸ ਦੇ ਘਰ ਜਨਮ ਲਿਆ ਸੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਂ ਰਵਿੰਦਰ ਕੌਰ ਤੇ ਭੈਣ ਗੁਰਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Leave feedback about this

  • Quality
  • Price
  • Service

PROS

+
Add Field

CONS

+
Add Field
Choose Image
Choose Video
X