ਲੁਧਿਆਣਾ: ਲੁਧਿਆਣਾ ਦੇ ਇੱਕ ਰੀਅਲ ਅਸਟੇਟ ਕਾਰੋਬਾਰੀ ਦੀ ਰੇਂਜ ਰੋਵਰ ਕਾਰ ਵਿੱਚੋਂ 28 ਲੱਖ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਜੂ ਅਤੇ ਸੁਮਿਤ ਵਜੋਂ ਹੋਈ ਹੈ। ਇਹ ਬਦਮਾਸ਼ ਨਵੀਂ ਦਿੱਲੀ ਦੇ ਮਦਨ ਗਿਰੀ ਤੋਂ ਫੜੇ ਗਏ ਹਨ। ਲੁਟੇਰੇ ਬਠਿੰਡਾ ਦੇ ਨੰਦੂ ਚੌਕ ਦੇ ਰਹਿਣ ਵਾਲੇ ਹਨ। ਕਾਊਂਟਰ ਇੰਟੈਲੀਜੈਂਸ ਨੇ ਵੀ ਮਾਮਲੇ ‘ਚ ਅਹਿਮ ਭੂਮਿਕਾ ਨਿਭਾਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਸੀ.ਸੀ.ਟੀ.ਵੀ. ਦੇ ਜ਼ਰੀਏ ਕੰਮ ਕੀਤਾ ਹੈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਸ਼ਾਤਿਰ ਚੋਰ ਦਿੱਲੀ ਵੱਲ ਭੱਜ ਗਏ ਹਨ। ਪੁਲਿਸ ਨੇ ਘਟਨਾ ਦੇ 4 ਦਿਨ ਬਾਅਦ ਹੀ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਫੜ ਲਿਆ।
ਚੋਰਾਂ ਕੋਲੋਂ ਕੁੱਲ 15 ਲੱਖ 22 ਹਜ਼ਾਰ 500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਕੋਲੋਂ ਕਾਰੋਬਾਰੀ ਕਰਨ ਅਰੋੜਾ ਦੇ ਲਾਇਸੈਂਸੀ ਹਥਿਆਰ ਦੀ ਕਾਪੀ ਅਤੇ ਰਜਿਸਟਰ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਦੋਵਾਂ ਲੁਟੇਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਜਾ ਸਕੇ।
ਸੀਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਸ਼ਾਤਿਰ ਚੋਰ ਉਨ੍ਹਾਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ, ਜਿਨ੍ਹਾਂ ਕਾਰਾਂ ਵਿੱਚ ਬੈਗ ਪਏ ਸਨ। ਕਾਰਾਂ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਉਕਤ ਕਾਰਾਂ ਲਾਲ ਬੱਤੀ ਜਾਂ ਪੈਟਰੋਲ ਪੰਪ ‘ਤੇ ਰੁਕਦੀਆਂ ਸਨ ਤਾਂ ਮੌਕਾ ਦੇਖ ਕੇ ਬੈਗ ਚੋਰੀ ਕਰਕੇ ਭੱਜ ਜਾਂਦੇ ਸਨ। ਇਹ ਲੁਟੇਰੇ ਕਾਰ ਚਾਲਕ ਨੂੰ ਦੱਸਦੇ ਹਨ ਕਿ ਉਸਦੀ ਕਾਰ ਪੰਕਚਰ ਹੋ ਗਈ ਹੈ ਜਾਂ ਸ਼ੀਸ਼ਾ ਖੁੱਲ੍ਹਾ ਹੈ। ਇਸ ਤਰ੍ਹਾਂ ਕਾਰ ਚਾਲਕ ਦਾ ਧਿਆਨ ਭਟਕਾ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।