ਭਾਰੀ ਬਾਰਿਸ਼ ਆਪਣਾ ਰੌਦਰ ਰੂਪ ਵਿਖਾ ਰਹੀ ਹੈ। ਇਸ ਦੌਰਾਨ ਲਗਭਗ 3-4 ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀ ਬੱਸ ਬਿਆਸ ਨਦੀ ‘ਚ ਡਿੱਗੀ ਮਿਲੀ ਹੈ। ਬੱਸ ਦੇ ਨਾਲ ਇੱਕ ਲਾਸ਼ ਵੀ ਬਰਾਮਦ ਹੋਈ ਹੈ ਜੋ ਬੱਸ ਦੇ ਡਰਾਈਵਰ ਦੀ ਦੱਸੀ ਜਾ ਰਹੀ ਜਦਕਿ ਕੰਡਕਟਰ ਦਾ ਕੋਈ ਅਤਾ-ਪਤਾ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਚੰਡੀਗੜ੍ਹ ਦੇ ਬੱਸ ਸਟੈਂਡ 43 ਤੋਂ ਮਨਾਲੀ ਲਈ ਰਵਾਨਾ ਹੋਈ ਸੀ ਅਤੇ ਦੁਪਹਿਰ 3:00 ਵਜੇ ਮਨਾਲੀ ਪਹੁੰਚਣਾ ਸੀ। ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕਿੰਨੇ ਯਾਤਰੀ ਮੌਜੂਦ ਸਨ।
ਵਿਭਾਗ ਇਸ ਮਾਮਲੇ ਵਿੱਚ ਹਾਲੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ। ਵਿਭਾਗ ਨੂੰ ਹੁਣ ਤੱਕ ਇਸ ਦੀ ਸਹੀ ਗਿਣਤੀ ਦਾ ਪਤਾ ਵੀ ਨਹੀਂ ਲੱਗਾ ਹੈ। ਅਧਿਕਾਰੀਆਂ ਨੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਦੋਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਐਤਵਾਰ ਤੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਫੋਨ ਨੰਬਰ ਬੰਦ ਹੋ ਰਹੇ ਸਨ। 4 ਦਿਨਾਂ ਤੱਕ ਸੰਪਰਕ ਨਾ ਹੋਣ ‘ਤੇ ਚਿੰਤਾ ਵਧ ਗਈ ਸੀ ਤੇ ਹੁਣ ਇਹ ਬੱਸ ਬਿਆਸ ਨਦੀ ‘ਚ ਡਿੱਗੀ ਮਿਲੀ ਹੈ।