ਮੋਹਾਲੀ ਵਿਚ ਸ਼ੁਰੂ ਹੋਏ 5ਵੇਂ ਪ੍ਰੈਗਰੈੱਸਿਵ ਇਨਵੈਸਟਰਜ਼ ਸਮਿੱਟ-2023 ਵਿਚ ਦੇਸ਼ਾ-ਵਿਦੇਸ਼ਾਂ ਤੋਂ ਆਈਆਂ ਵੱਡੀਆਂ ਕੰਪਨੀਆਂ ਨੇ ਸੰਬੋਧਨ ਕੀਤਾ ਹੈ। ਇਹਨਾਂ ਤੋਂ ਬਾਅਦ ਫਿਰ ਸੀ.ਐਮ. ਪੰਜਾਬ ਨੇ ਲੋਕਾਂ ਦੇ ਰੁਬਰੂ ਹੁੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨਿਵੇਸ਼ਕਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਅਤੇ ਕਾਰੋਬਾਰੀ ਇੱਥੇ ਬੇਫ਼ਿਕਰ ਹੋ ਕੇ ਨਿਵੇਸ਼ ਕਰਨ। ਪੰਜਾਬ ਨਵੀਆਂ ਚੀਜ਼ਾਂ ਅਤੇ ਨਵੀਂ ਟੈਕਨਾਲੋਜੀ ਨੂੰ ਬਹੁਤ ਜਲਦੀ ਅਪਣਾਉਂਦਾ ਹੈ ਅਤੇ ਇਹ ਸਾਡੇ ਸੁਭਾਅ ‘ਚ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਕਦੇ ਕਿਸੇ ਨੂੰ ਘਾਟਾ ਨਹੀਂ ਪਿਆ ਅਤੇ ਸੂਬਾ ਪੂਰੇ ਦੇਸ਼ ਨੂੰ ਖੁਆਉਂਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਟਰੈਕਟਰ ਉਤਪਾਦਕ ਹੈ ਅਤੇ ਇੱਥੇ ਟਰੈਕਟਰਾਂ ਦੀ ਮੈਨੰਫੈਕਚਰਿੰਗ ਸਭ ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ ਵਰਲਡ ਕੱਪ ਜਾਂ ਹੋਰ ਖੇਡਾਂ ਲਈ ਜਲੰਧਰ ‘ਚ ਸਾਮਾਨ ਬਣਦਾ ਹੈ ਅਤੇ ਸਰਕਾਰ ਵੱਲੋਂ ਜਲੰਧਰ ‘ਚ ਸਪੋਰਟਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਕਾਰੋਬਾਰੀਆਂ ਦੇ ਹਿਸਾਬ ਨਾਲ ਚੱਲੇਗੀ ਕਿਉਂਕਿ ਕਾਰੋਬਾਰੀ ਜਿੱਥੇ ਟੈਕਸ ਦਿੰਦੇ ਹਨ, ਉੱਥੇ ਹੀ ਰੁਜ਼ਗਾਰ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ, ਮੁੰਬਈ ਅਤੇ ਹੋਰ ਸ਼ਹਿਰਾਂ ‘ਚ ਜਾ ਕੇ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ, ਜਿਸ ਮਗਰੋਂ ਉਨ੍ਹਾਂ ਨੂੰ ਕਾਫ਼ੀ ਗੱਲਾਂ ਦਾ ਪਤਾ ਲੱਗਾ ਹੈ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜਿੰਨਾ ਜ਼ਿਆਦਾ ਹੋ ਸਕੇ, ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਹੈ ਅਤੇ ਸੂਬੇ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਪੰਜਾਬ ਦੇ ਪੇਂਡੂ ਖੇਤਰਾਂ ‘ਚ ਇੰਡਸਟਰੀ ਲਾਉਣ ਦੀ ਅਪੀਲ ਕੀਤੀ।