ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸਮੇਂ ਸ਼ੁਰੂ ਹੋਏ ਪਟਿਆਲਾ ਦੇ ਨਵੇਂ ਅਤਿ-ਆਧੁਨਿਕ ਬੱਸ ਸਟੈਂਡ ਦਾ ਅੱਜ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ ਹੈ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਏਅਰਪੋਰਟ ਨੂੰ ਮਾਤ ਪਾਉਣ ਵਾਲੇ ਇਸ ਬੱਸ ਸਟੈਂਡ ’ਤੇ 45 ਕਾਊਂਟਰ ਬਣਾਏ ਗਏ ਹਨ, ਜਿੱਥੋਂ ਰੋਜ਼ਾਨਾ 1500 ਬੱਸਾਂ ਦੀ ਆਵਾਜਾਈ ਹੋਵੇਗੀ। ਇਸ ਤੋਂ ਇਲਾਵਾ ਇਥੇ ਚਾਰ ਲਿਫਟਾਂ ਦਾ ਪ੍ਰਬੰਧ ਕੀਤਾ ਗਿਆ ਹੈ, ਦਿਵਿਆਂਗਾਂ ਲਈ ਰੈਂਪ ਬਣਾਏ ਗਏ ਹਨ ਅਤੇ ਪੌੜੀਆਂ ਵੀ ਹਨ। ਪੰਜਾਬ ਸਰਕਾਰ ਵਲੋਂ ਤਿਆਰ ਕੀਤਾ ਗਿਆ ਇਹ ਆਧੁਨਿਕ ਅਤੇ ਮਾਡਰਨ ਬੱਸ ਅੱਡਾ ਹੈ, ਜੋ ਭਵਿੱਖ ਵਿਚ ਕਮਾਊ ਪੁੱਤ ਸਾਬਤ ਹੋਵੇਗਾ। ਇਥੇ ਦੁਕਾਨਾਂ ਵੀ ਖੁੱਲ੍ਹਣਗੀਆਂ ਅਤੇ ਹੋਰ ਵੀ ਪ੍ਰਬੰਧ ਹੋਣਗੇ। ਪਹਿਲਾਂ ਬਸ ਅੱਡਿਆਂ ’ਤੇ ਗੰਦ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤ ਪਟਿਆਲਾ ਤੋਂ ਕੀਤੀ ਗਈ ਹੈ। ਇਸ ਮਾਡਰਨ ਬੱਸ ਅੱਡੇ ’ਤੇ 60 ਕਰੋੜ ਦੇ ਕਰੀਬ ਪੈਸਾ ਲੱਗਾ ਹੈ। ਮਾਨ ਨੇ ਕਿਹਾ ਕਿ ਜਿਵੇਂ-ਜਿਵੇਂ ਕਮੀਆਂ ਸਾਹਮਣੇ ਆ ਰਹੀਆਂ, ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ।
ਅੱਗੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਡਰਾਇਵਰਾਂ ਅਤੇ ਕੰਡਕਟਰਾਂ ਲਈ ਇਥੇ ਵਿਸ਼ੇਸ਼ ਤੌਰ ’ਤੇ ਜਗ੍ਹਾ ਬਣਾਈ ਗਈ ਹੈ, ਜਿੱਥੇ ਉਹ ਆਰਾਮ ਕਰ ਸਕਦੇ ਹਨ। ਇਸ ਨਾਲ ਹਾਦਸੇ ਵਿਚ ਕਮੀ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਬੱਸ ਅੱਡੇ ਹੋਰ ਸ਼ਹਿਰਾਂ ਵਿਚ ਵੀ ਖੋਲ੍ਹੇ ਜਾਣਗੇ, ਪਟਿਆਲੇ ਵਾਲਾ ਬੱਸ ਅੱਡਾ ਰੋਲ ਮਾਡਲ ਬਣਾਇਆ ਜਾਵੇਗਾ। ਰੋਜ਼ਾਨਾ ਉਦਘਾਟਨ ਹੋ ਰਹੇ ਹਨ। ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੀ ਸਲਾਹ ਨਾਲ ਹੀ ਹੱਲ ਕਰ ਰਹੀ ਹੈ। ਲੋਕ ਵੀਡੀਓ ਭੇਜ ਕੇ ਸਰਕਾਰ ਦੀ ਸ਼ਲਾਘਾ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਕਦੇ ਪਾਣੀ ਨਹੀਂ ਪਹੁੰਚਿਆ ਸੀ, ਉਥੇ ਪਾਣੀ ਪਹੁੰਚਾਇਆ ਗਿਆ ਹੈ। ਸਰਕਾਰ ਦੀ ਨੀਅਤ ਸਾਫ ਹੈ, ਸਰਕਾਰਾਂ ਉਹੀ ਹਨ ਬਸ ਉਨ੍ਹਾਂ ਪਹਿਲਾਂ ਪੈਸਿਆਂ ਦੇ ਨੱਕੇ ਉਨ੍ਹਾਂ ਨੇ ਆਪਣੇ ਘਰ ਵੱਲ ਕੀਤੇ ਸਨ ਜਿਨ੍ਹਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਚੋਣਾਂ ਵਿਚ ਮੇਰੇ ਖ਼ਿਲਾਫ਼ ਵਿਰੋਧੀਆਂ ਨੇ ਰੱਜ ਕੇ ਕੂੜ ਪ੍ਰਚਾਰ ਕੀਤਾ ਪਰ ਮੈਂ ਕਿਸੇ ਦਾ ਜਵਾਬ ਨਹੀਂ ਦਿੱਤਾ ਪਰ ਮੇਰਾ ਜਵਾਬ ਜਲੰਧਰ ਦੇ ਵੋਟਰਾਂ ਨੇ ਦਿੱਤਾ ਹੈ। ਜਲੰਧਰ ਦੇ ਲੋਕਾਂ ਵਲੋਂ ਇਕ ਬਟਨ ਦੱਬਣ ਨਾਲ ਸਾਰਿਆਂ ਦੇ ਮੂੰਹ ਬੰਦ ਹੋ ਗਏ ਹਨ। ਜਲੰਧਰ ਵਿਚ ਮੈਨੂੰ ਲੋਕਾਂ ਨੇ ਕਿਹਾ ਕਿ ਵੋਟਾਂ ਕਿਸ ਨੂੰ ਪਈਆਂ ਹਨ, ਮੈਂ ਕਿਹਾ ਵੋਟਾਂ ਬਿਜਲੀ ਬਿੱਲਾਂ, ਮੁਹੱਲਾ ਕਲੀਨਿਕਾਂ, ਕਿਸਾਨਾਂ, ਮਜ਼ਦੂਰਾਂ, ਅਤੇ ਉਨ੍ਹਾਂ ਗਰੀਬਾਂ ਨੂੰ ਪਈਆਂ ਹਨ ਜਿਨ੍ਹਾਂ ਨੂੰ ਹੁਣ ਨੌਕਰੀਆਂ ਮਿਲਣ ਲੱਗ ਗਈਆਂ ਹਨ। ਵਿਰੋਧੀਆਂ ਨੇ ਵੋਟਾਂ ਜਾਤ ਅਤੇ ਧਰਮ ਦੇ ਆਧਾਰ ’ਤੇ ਮੰਗੀਆਂ ਪਰ ਅਸੀਂ ਪੰਜਾਬ ਅਤੇ ਪੰਜਾਬ ਦੇ ਕੰਮਾਂ ਲਈ ਮੰਗੀਆਂ। ਸਾਡੇ ਐੱਮ. ਪੀ. ਨੇ ਅਜੇ ਸਹੁੰ ਨਹੀਂ ਚੁੱਕੀ ਪਰ ਇਸ ਤੋਂ ਪਹਿਲਾਂ ਹੀ ਸਾਰੀ ਕੈਬਨਿਟ ਜਲੰਧਰ ਵਿਚ ਬੈਠ ਕੇ ਕੰਮ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਦੀ ਜਿੱਤ ਦਾ ਜਸ਼ਨ ਜ਼ਰੂਰ ਮਨਾਓ ਪਰ ਹੰਕਾਰ ਵਿਚ ਨਹੀਂ। ਲੋਕ ਸਿਰਫ ਵਿਕਾਸ ਅਤੇ ਕੰਮਾਂ ਨੂੰ ਵੋਟ ਪਾਉਂਦੇ ਹਨ, ਜੇ ਸਾਡੇ ਮੰਤਰੀ ਵੀ ਕੰਮ ਨਹੀਂ ਕਰਨਗੇ ਤਾਂ ਕੱਲ੍ਹ ਨੂੰ ਉਨ੍ਹਾਂ ਨੂੰ ਵੀ ਲੋਕ ਵੋਟ ਨਹੀਂ ਪਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਪਾਲਿਸੀ ਵਿਚ ਇਲੈਕਟ੍ਰਿਕ ਵਾਹਨ ਲੈ ਕੇ ਆਵਾਂਗੇ, ਜਿਸ ਵਿਚ ਬੱਸਾਂ ਵੀ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਸਬ ਤਹਿਸੀਲਾਂ ਬਣਨਗੀਆਂ, ਸਕੂਲ ਬਣਨਗੇ ਅਤੇ ਜਨਤਾ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।